

ਜਲੰਧਰ (07.09.2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜਿਲ੍ਹੇ ਵਿੱਚ 25 ਅਗਸਤ ਤੋਂ 8 ਸਤੰਬਰ ਤੱਕ 41ਵਾਂ “ਕੌਮੀ ਅੱਖਾਂ ਦਾਨ ਪੰਦਰਵਾੜਾ ” ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਜੇਸ਼ ਗਰਗ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ (ਅੱਖਾਂ ਦੇ ਰੋਗਾਂ ਦੇ ਮਾਹਿਰ) ਵੱਲੋਂ ਆਈ ਮੋਬਾਈਲ ਯੂਨਿਟ, ਸਿਵਲ ਹਸਪਤਾਲ ਜਲੰਧਰ ਦੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਅਤੇ ਖੁਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ, ਐੱਸ.ਐੱਮ.ਓ. ਆਈ ਮੋਬਾਈਲ ਯੂਨਿਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਵਿੰਦਰ ਜੱਸਲ, ਸਟਾਫ ਨਰਸ ਅਮਰਜੀਤ ਕੌਰ ਹਾਜ਼ਰ ਸਨ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਦੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿਚ ਲੱਖਾਂ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ’ਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।ਉਨ੍ਹਾਂ ਕਿਹਾ ਕਿ ਜੀਵਨ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਨ ਵਿਅਕਤੀ ਦੀ ਜਿੰਦਗੀ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ। ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ ਹਨ, ਇਸ ਲਈ ਇਨ੍ਹਾਂ ਦੀ ਜਾਂਚ ਹਰ ਛੇ ਮਹੀਨੇ ਬਾਅਦ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦੇ ਦਾਨ ਦੀ ਮੁਹਿੰਮ ’ਚ ਅੱਗੇ ਹੋ ਕੇ ਯੋਗਦਾਨ ਪਾਉਣ ਅਤੇ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਨੂੰ ਵੀ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਪੁਤਲੀ ਬਦਲਣ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਂਦੇ ਹਨ।
ਉਹਨਾਂ ਦੱਸਿਆ ਕਿ ਕਈ ਕਾਰਨਾਂ ਕਰਕੇ ਜਿਸ ਵਿਅਕਤੀ ਨੂੰ ਕਾਰਨਿਅਲ ਬਲਾਈਂਡਨੈਸ ਹੁੰਦੀ ਹੈ ਉਸਦੀ ਅੱਖ ਦੀ ਪੁਤਲੀ ਬਦਲ ਕੇ ਅੰਨੇਪਣ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਅੱਖ ਦਾਨ ਕਰਨ ਰਾਹੀਂ ਨੇਤਰਹੀਨ ਵਿਅਕਤੀ ਨੂੰ ਸਰਜੀਕਲ ਵਿਧੀ, ਜਿਸ ਵਿੱਚ ਖਰਾਬ ਕਾਰਨੀਆ ਨੂੰ ਸਿਹਤਮੰਦ ਕਾਰਨੀਆ ਵਿੱਚ ਤਬਦੀਲ ਕਰਕੇ ਦੇਖਣ ਯੋਗ ਬਣਾਇਆ ਜਾ ਸਕਦਾ ਹੈ।
ਡਾ. ਗੁਰਪ੍ਰੀਤ ਕੌਰ ਐਸ.ਐਮ.ਓ. ਆਈ ਮੋਬਾਈਲ ਯੂਨਿਟ ਨੇ ਕਿਹਾ ਕਿ ਅੱਖਾਂ ਦਾਨ ਕਰਨ ਦਾ ਫ਼ੈਸਲਾ ਮੌਤ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਅਤੇ ਅੱਖਾਂ ਦਾ ਦਾਨ ਕੇਵਲ ਮੌਤ ਤੋਂ ਬਾਅਦ ਹੀ ਹੁੰਦਾ ਹੈ। ਮੌਤ ਤੋਂ ਬਾਅਦ 4 ਤੋਂ 6 ਘੰਟਿਆਂ ਦੇ ਅੰਦਰ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਉਮਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ ਚਾਹੇ ਉਸ ਦੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਆਪਰੇਸ਼ਨ ਹੋਇਆ ਹੋਵੇ, ਲੈਨਜ਼ ਪਏ ਹੋਣ। ਏਡਜ਼, ਪੀਲੀਆ, ਬਲੱਡ ਕੈਂਸਰ ਤੇ ਦਿਮਾਗ਼ੀ ਬੁਖ਼ਾਰ ਆਦਿ ਬੀਮਾਰੀਆਂ ਤੋਂ ਪੀੜਤ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦੇ। ਅੱਖਾਂ ਦਾਨ ਕਰਨ ਵਾਸਤੇ ਆਈ ਬੈਂਕ ਟੀਮ ਦੇ ਆਉਣ ਤੱਕ ਅੱਖਾਂ ਦੀ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ’ਤੇ ਗਿੱਲਾ ਤੇ ਸਾਫ਼ ਕੱਪੜਾ ਰੱਖਿਆ ਜਾਵੇ। ਅੱਖਾਂ ਕੱਢਣ ’ਚ ਸਿਰਫ਼ 10-15 ਮਿੰਟ ਲੱਗਦੇ ਹਨ ਅਤੇ ਇਸ ਪ੍ਰਕਿਆ ’ਚ ਚਿਹਰੇ ’ਤੇ ਕੋਈ ਨਿਸ਼ਾਨ ਜਾਂ ਦਾਗ਼ ਨਹੀਂ ਲੱਗਦਾ।ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਪੰਦਰਵਾੜੇ ਦੌਰਾਨ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਕੇ ਲੋਕਾਂ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਅਤੇ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।


