

ਜਲੰਧਰ, 14 ਅਗਸਤ 2026 : 95-95-99 ਮੁਹਿੰਮ ਤਹਿਤ ਐੱਚ.ਆਈ.ਵੀ. ਸਮੇਤ ਹੋਰ ਸੰਕਰਮਕ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਪਾਜ਼ੀਟਿਵ ਮਰੀਜ਼ਾਂ ਨੂੰ ਇਲਾਜ ਨਾਲ ਜੋੜਨ ਅਤੇ ਇਲਾਜ ਦੀ ਨਿਰੰਤਰਤਾ ਯਕੀਨੀ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਨਿੱਜੀ ਡੀ-ਐਡਿਕਸ਼ਨ ਸੈਂਟਰਾਂ ਦੇ ਪ੍ਰਬੰਧਕਾਂ ਅਤੇ ਪ੍ਰਤੀਨਿਧੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਹੋਈ।ਮੀਟਿੰਗ ਦੌਰਾਨ ਸਿਵਲ ਸਰਜਨ ਨੇ ਮਾਨਯੋਗ ਮਿਸ਼ਨ ਡਾਇਰੈਕਟਰ ਐੱਨਐੱਚਐੱਮ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਨਿੱਜੀ ਡੀ-ਐਡਿਕਸ਼ਨ ਸੈਂਟਰਾਂ ਨੂੰ ਹਦਾਇਤ ਕੀਤੀ ਗਈ ਅਤੇ ਕਿਹਾ ਕਿ ਸੈਂਟਰ ਵਿੱਚ ਆਉਣ ਵਾਲੇ ਹਰੇਕ ਲਾਭਪਾਤਰੀ ਦੀ ਐੱਚ.ਆਈ.ਵੀ., ਸਿਫਲਿਸ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਯਕੀਨੀ ਬਣਾਈ ਜਾਵੇ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਨਸ਼ਾ ਛੁਡਾਊ ਸੇਵਾਵਾਂ ਨਾਲ ਜੁੜੇ ਸਾਰੇ ਸੈਂਟਰ ਸੰਕਰਮਕ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਸਾਰੇ ਸੈਂਟਰਾਂ ਨੂੰ ਸਰਕਾਰੀ ਸਿਹਤ ਪ੍ਰੋਗਰਾਮਾਂ ਨਾਲ ਪੂਰਨ ਤਾਲਮੇਲ ਰੱਖਦਿਆਂ ਕੰਮ ਕਰਨ ਅਤੇ ਹਰੇਕ ਲਾਭਪਾਤਰੀ ਤੱਕ ਗੁਣਵੱਤਾ-ਪੂਰਨ ਟੈਸਟਿੰਗ, ਕਾਉਂਸਲਿੰਗ, ਰੈਫਰਲ ਅਤੇ ਫਾਲੋਅਪ ਸੇਵਾਵਾਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ।ਪਾਜ਼ੀਟਿਵ ਪਾਏ ਜਾਣ ਵਾਲੇ ਹਰੇਕ ਕੇਸ ਨੂੰ ਬਿਨਾਂ ਦੇਰੀ ਦੇ ਸੰਬੰਧਤ ਸਰਕਾਰੀ ਸਿਹਤ ਸਹੂਲਤ ਨਾਲ ਜੋੜਨ ਅਤੇ ਇਲਾਜ ਸ਼ੁਰੂ ਕਰਵਾਉਣ ਦੇ ਨਾਲ-ਨਾਲ ਇਲਾਜ ਦੀ ਨਿਰੰਤਰਤਾ ਅਤੇ ਨਿਯਮਤ ਫਾਲੋਅਪ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।ਸਿਵਲ ਸਰਜਨ ਵਲੋਂ ਵਿਸ਼ੇਸ਼ ਤੌਰ ’ਤੇ 95-95-99 ਦੇ ਟੀਚਿਆਂ ਨੂੰ ਹਾਸਲ ਕਰਨ ਲਈ ਟੈਸਟਿੰਗ ਤੋਂ ਲੈ ਕੇ ਇਲਾਜ ਅਤੇ ਵਾਇਰਲ ਸਪ੍ਰੈਸ਼ਨ ਤੱਕ ਹਰ ਪੜਾਅ ’ਤੇ ਮਜ਼ਬੂਤ ਲਿੰਕੇਜ ਅਤੇ ਨਿਰੰਤਰ ਫਾਲੋਅਪ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਸੈਂਟਰਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਜ਼ਿਲ੍ਹੇ ਵਿੱਚ ਐੱਚ.ਆਈ.ਵੀ. ਦੀ ਪਛਾਣ, ਇਲਾਜ ਅਤੇ ਰੋਕਥਾਮ ਸਬੰਧੀ ਨਿਰਧਾਰਤ ਟੀਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹਾਸਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਮਾਡਲ ਨਸ਼ਾ ਛੁਡਾਊ ਕੇਂਦਰ, ਸਿਵਲ ਹਸਪਤਾਲ ਤੋਂ ਮਨੋਰੋਗ ਮਾਹਿਰ ਡਾ. ਅਭੈਰਾਜ ਸਿੰਘ ਨੇ ਮੀਟਿੰਗ ‘ਚ ਮੌਜੂਦ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਤੀਨਿਧਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਨਸ਼ਾ ਗ੍ਰਸਤ ਵਿਅਕਤੀਆਂ ਨੂੰ ਇਕ ਸਿਹਤਮੰਦ ਜਿੰਦਗੀ ਦੇਣ ਲਈ ਯੋਗ ਉਪਰਾਲੇ ਕਰਨ ਲਈ ਕਿਹਾ। ਦੀਪਕ ਕੁਮਾਰ, ਕਲੀਨਿਕਲ ਸਰਵਿਸਿਜ਼ ਅਫ਼ਸਰ, ਦਿਸ਼ਾ ਕਲੱਸਟਰ ਜਲੰਧਰ ਵੱਲੋਂ ਨਿੱਜੀ ਡੀ-ਐਡਿਕਸ਼ਨ ਸੈਂਟਰਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ, ਰੈਫਰ ਕੀਤੇ ਕੇਸਾਂ ਦੀ ਨਿਰੰਤਰ ਪੈਰਵੀ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਸੇਵਾਵਾਂ ਤੱਕ ਸਮੇਂ ਸਿਰ ਪਹੁੰਚ ਯਕੀਨੀ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਏਕੀਕ੍ਰਿਤ ਕਾਉਂਸਲਿੰਗ ਅਤੇ ਜਾਂਚ ਕੇਂਦਰਾਂ (ਆਈ ਸੀ ਟੀ ਸੀ ) ਦੇ ਕੌਂਸਲਰਾਂ ਵੱਲੋਂ ਨਿੱਜੀ ਡੀ-ਐਡਿਕਸ਼ਨ ਸੈਂਟਰਾਂ ਨਾਲ ਐੱਚ.ਆਈ.ਵੀ. ਟੈਸਟਿੰਗ, ਰੈਫਰਲ, ਇਲਾਜ ਨਾਲ ਜੋੜਨ ਅਤੇ ਨਿਰੰਤਰ ਫਾਲੋਅਪ ਸਬੰਧੀ ਤਾਲਮੇਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਨਿੱਜੀ ਡੀ-ਐਡਿਕਸ਼ਨ ਸੈਂਟਰਾਂ ਦੇ ਪ੍ਰਬੰਧਕ ਅਤੇ ਪ੍ਰਤੀਨਿਧੀ, ਸਬੰਧਤ ਸਿਹਤ ਅਧਿਕਾਰੀ, ਦਿਸ਼ਾ ਕਲੱਸਟਰ ਜਲੰਧਰ ਦੀ ਟੀਮ ਅਤੇ ਜਲੰਧਰ ਜ਼ਿਲ੍ਹੇ ਦੇ ਆਈ.ਸੀ.ਟੀ.ਸੀ. ਕੇਂਦਰਾਂ ਦੇ ਕੌਂਸਲਰ ਹਾਜ਼ਰ ਸਨ।



