Sliderपंजाब

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਬਰਸਾਤੀ ਸੀਜਨ ਦੇ ਮੱਦੇਨਜਰ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ

ਜਲੰਧਰ (04-07-2025): ਸਿਹਤ ਵਿਭਾਗ ਵੱਲੋਂ ਡੇਂਗੂ ਰੋਕਥਾਮ ਦੇ ਮੱਦੇਨਜ਼ਰ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਲਗਾਤਾਰ ਜਾਰੀ ਹੈ। ਬਰਸਾਤੀ ਸੀਜਨ ਦੇ ਮੱਦੇਨਜਰ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸ਼ੁੱਕਰਵਾਰ ਨੂੰ ਜਸਵੰਤ ਨਗਰ, ਜਲੰਧਰ ਵਿਖੇ ਲੋਕਾਂ ਨੂੰ ਡੇਂਗੂ, ਮਲੇਰੀਆ ਬਾਰੇ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ ਅਤੇ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਅਮਰੀਕ ਸਿੰਘ ਛੀਨਾ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ, ਜਸਵੰਤ ਨਗਰ, ਇੰਦਰਮੋਹਨ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ, ਏ.ਐੱਨ.ਐੱਮ., ਆਸ਼ਾ ਵਰਕਰ ਤੇ ਨਰਸਿੰਗ ਵਿਦਿਆਰਥਣਾਂ ਵੀ ਹਾਜ਼ਰ ਸਨ।
ਇਸ ਦੌਰਾਨ ਸਿਵਲ ਸਰਜਨ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਹ ਮੱਛਰ ਦਿਨ ਸਮੇਂ ਹੀ ਕੱਟਦਾ ਹੈ। ਉਨ੍ਹਾਂ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬੁਖਾਰ, ਸਿਰਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇਆਂ ਵਿੱਚ ਦਰਦ, ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਇਹ ਲੱਛਣ ਦਿਸਣ ‘ਤੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ।ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਡੇਂਗੂ ਦੇ ਲੱਛਣ ਦਿਸਣ ‘ਤੇ ਨਜ਼ਦੀਕੀ ਆਮ ਆਦਮੀ ਕਲੀਨਿਕ ਵਿਖੇ ਵੀ ਆਪਣੀ ਸਿਹਤ ਜਾਂਚ ਕਰਵਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਫ੍ਰਾਈ-ਡੇ ਵਜੋਂ ਮਨਾਇਆ ਜਾਵੇ, ਜਿਸ ਦੌਰਾਨ ਡੇਂਗੂ ਤੋਂ ਬਚਾਓ ਲਈ ਕੂਲਰਾਂ ਅਤੇ ਗਮਲੇਆਂ ਦੀਆਂ ਟ੍ਰੇਆਂ ‘ਚ ਖੜੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਸਾਫ ਜਰੂਰ ਕਰਨਾ ਚਾਹੀਦਾ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਤਾਂ ਜੋ ਮੱਛਰ ਨਾ ਕੱਟ ਸਕੇ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਘਰਾਂ ਦੀਆਂ ਛੱਤਾਂ ਅਤੇ ਖੁੱਲੇ ਵਿੱਚ ਨਾ ਰੱਖੋ ਤਾਂ ਜੋ ਇਨ੍ਹਾਂ ਵਿਚ ਡੇਂਗੂ ਲਾਰਵਾ ਨਾ ਪਨਪ ਸਕੇ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਨੂੰ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਸਬੰਧੀ ਗਤੀਵਿਧੀ ਦੌਰਾਨ ਸਿਹਤ ਵਿਭਾਗ ਵੱਲੋਂ ਗਠਿਤ 25 ਟੀਮਾਂ ਨੇ 42 ਵਿਲੇਜ ਹੈਲਥ ਕਮੇਟੀਆਂ ਅਤੇ 4 ਰੈਜੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨਾਂ ਤਹਿਤ 3455 ਘਰ ਵਿਜਟ ਕੀਤੇ, ਇਸ ਦੌਰਾਨ ਟੀਮਾਂ ਵੱਲੋਂ 7045 ਕੰਟੇਨਰ ਚੈੱਕ ਕੀਤੇ ਗਏ, 21 ਘਰਾਂ ਵਿੱਚ ਡੇਂਗੂ ਲਾਰਵਾ ਮਿਲਿਆ ਜੋ ਕਿ ਐਂਟੀ ਲਾਰਵਾ ਟੀਮਾਂ ਵੱਲੋਂ ਨਿਰਧਾਰਿਤ ਤਰੀਕੇ ਨਾਲ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ। ਟੀਮਾਂ ਵੱਲੋਂ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ।

Related Articles

Back to top button