ਜਲੰਧਰ 12 ਦਸੰਬਰ 2025 : ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਮੈਟਰਨਲ ਡੈੱਥ ਰੀਵਿਊ ਸੰਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਹੋਈਆਂ ਦੋ ਮਾਤਰੀ (ਮੈਟਰਨਲ) ਮੌਤਾਂ ਦਾ ਰੀਵਿਊ ਕੀਤਾ ਗਿਆ। ਜਿਕਰਯੋਗ ਹੈ ਕਿ ਮੈਟਰਨਲ ਡੈੱਥ ਰੀਵਿਊ ਮੀਟਿੰਗ ਵਿੱਚ ਗਰਭ ਅਵਸਥਾ, ਜਣੇਪੇ ਦੌਰਾਨ ਜਾਂ ਜਣੇਪੇ ਤੋਂ 42 ਦਿਨਾਂ ਦੇ ਵਿੱਚ ਹੋਈਆਂ ਮੌਤਾਂ ਸਬੰਧੀ ਸਮੀਖਿਆ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਐੱਸ.ਐਮ.ਓ. ਗਾਇਨੀ ਵਿਭਾਗ ਸਿਵਲ ਹਸਪਤਾਲ ਜਲੰਧਰ ਡਾ. ਵਰਿੰਦਰ ਕੌਰ ਥਿੰਦ, ਮੈਡੀਕਲ ਸਪੈਸ਼ਲਿਸਟ ਡਾ. ਅਵਿਨਵ ਸ਼ੂਰ, ਡਾ.ਪ੍ਰਿਯੰਕਾ ਗਾਇਨੀਕੋਲੋਜਿਸਟ ਸਿਵਲ ਹਸਪਤਾਲ ਜਲੰਧਰ, ਡਾ. ਅਦਿਤਯਾਪਾਲ, ਡਾ. ਨਿਸ਼ਾ ਗਾਂਧੀ, ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਸਬੰਧਤ ਸਟਾਫ ਮੌਜੂਦ ਸੀ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਮਾਤਰੀ ਮੋਤਾਂ ਨੂੰ ਰੀਵਿਊ ਕਰਨ ਦਾ ਮਕਸਦ ਮੌਤਾਂ ਦੇ ਕਾਰਣਾਂ ਨੂੰ ਜਾਣਨਾ ਹੈ ਤਾਂ ਜੋ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਲਈ ਨੀਤੀਆਂ ਬਣਾਈਆਂ ਜਾ ਸਕਣ ਅਤੇ ਮਾਤਰੀ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕੇ।ਉਨ੍ਹਾ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਜਿਵੇਂ ਗਰਭਵਤੀ ਮਾਂਵਾਂ ਨੂੰ ਗੁੰਝਲਦਾਰ ਡਿਲੀਵਰੀ ਹੋਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਿਲਿਵਰੀ ਤੋਂ ਬਾਅਦ ਜਿਆਦਾ ਖੂਨ ਪੈਣਾ, ਇੰਨਫੈੱਕਸ਼ਨ ਹੋਣਾ, ਜਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁਰੱਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ।
ਸਿਵਲ ਸਰਜਨ ਵੱਲੋਂ ਸਬੰਧਤ ਸਟਾਫ ਨੂੰ ਕਿਹਾ ਕਿ ਹਰੇਕ ਗਰਭਵਤੀ ਔਰਤ ਨੂੰ ਗਰਭ ਦੌਰਾਨ ਘੱਟੋ-ਘੱਟ ਇੱਕ ਵਾਰ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਅਤੇ ਮੈਡੀਕਲ ਸਫੈਸ਼ਲਿਸਟ/ਮੈਡੀਕਲ ਅਫਸਰ ਵੱਲੋ ਆਪਣਾ ਚੈੱਕਅਪ ਜਰੂਰ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦੇ ਚਾਰ ਐਂਟੀ-ਨੇਟਲ ਚੈੱਕਅਪ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦੇ ਫਾਲੋਅੱਪ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਮੀਟਿੰਗ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਨੇ ਕਿਹਾ ਕਿ ਔਰਤਾਂ ਦੇ ਜਿਆਦਾ ਵਾਰ ਗਰਭਵਤੀ ਹੋਣ ਨਾਲ ਜੁੜੀਆਂ ਗੰਭੀਰ ਸਿਹਤ ਸਮੱਸਿਆਂਵਾਂ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਫ਼ੀਲਡ ਸਟਾਫ਼ ਨੂੰ ਵਿਸ਼ੇਸ਼ ਤੌਰ ‘ਤੇ ਇਹ ਜ਼ਿੰਮੇਵਾਰੀ ਸੌਂਪੀ ਕਿ ਉਹ ਯੋਗ ਜੋੜਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਤੇ ਪੱਕੇ ਦੋਹਾਂ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ। ਡਾ. ਗੁਪਤਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਦੋ ਬੱਚਿਆਂ ਵਿਚ ਅੰਤਰ ਅਤੇ ਘੱਟ ਬੱਚੇ ਨਾ ਸਿਰਫ਼ ਮਾਂ ਦੀ ਸਿਹਤ ਲਈ, ਸਗੋਂ ਨਵਜਨਮੇ ਬੱਚੇ ਦੀ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹਨ।