ਜਲੰਧਰ (17.03.2026) – ਲੜਕੀਆਂ ਵਿੱਚ ਹੋਣ ਵਾਲੇ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਹਿਊਮਨ ਪੈਪੀਲੋਮਾਵਾਇਰਸ (ਐਚਪੀਵੀ) ਟੀਕੇ ਦੀ ਮਹੱਤਤਾ ਬਾਰੇ ਦੱਸਦੇ ਹੋਏ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਐਚਪੀਵੀ ਟੀਕਾ ਸੁਰੱਖਿਅਤ ਹੈ ਅਤੇ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਸਰਮਥ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਦਾ ਐਚਪੀਵੀ ਟੀਕਾਕਰਨ ਜਰੂਰ ਕਰਵਾਉਣ ਤਾਂ ਜੋ 28 ਫਰਵਰੀ 2026 ਨੂੰ 90 ਦਿਨਾਂ ਦੀ ਮਿਆਦ ਲਈ ਸ਼ੁਰੂ ਕੀਤੀ ਗਈ ਚੱਲ ਰਹੀ ਰਾਸ਼ਟਰੀ ਐਚਪੀਵੀ ਟੀਕਾਕਰਨ ਮੁਹਿੰਮ ਸਫਲ ਹੋ ਸਕੇ ਅਤੇ ਲੜਕੀਆਂ ਦਾ ਭਵਿੱਖ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਹੋ ਸਕੇ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐਚਪੀਵੀ ਟੀਕਾ ਜਿਲ੍ਹਾ ਹਸਪਤਾਲ ਜਲੰਧਰ, ਸਬ ਡਿਵੀਜਨ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਕਿਸ਼ੋਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਐਚਪੀਵੀ ਟੀਕੇ ਬਾਰੇ ਆਮ ਗਲਤ ਧਾਰਨਾਵਾਂ ਤੋਂ ਬਚਣਾ ਚਾਹੀਦਾ ਹੈ ਅਤੇ ਸੋਸ਼ਲ ਮੀਡੀਆ ਉੱਤੇ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਅਣਦੇਖਾ ਕਰਨਾ ਚਾਹੀਦਾ ਹੈ।
ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਟੀਕਾਕਰਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ “ਇਹ ਧਾਰਨਾਵਾਂ ਗਲਤ ਹਨ ਕਿ ਐਚਪੀਵੀ ਟੀਕਾ ਔਰਤਾਂ ਵਿੱਚ ਗਰਭ ਅਵਸਥਾ ਜਾਂ ਮਾਹਵਾਰੀ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ, ਇਹ ਦਾਅਵੇ ਸੱਚ ਨਹੀਂ ਹਨ ਅਤੇ ਐਚਪੀਵੀ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।