Sliderपंजाब

ਮਲੇਰੀਆ ਰੋਕਥਾਮਯੋਗ ਅਤੇ ਇਲਾਜ ਯੋਗ, ਇਸਨੂੰ ਖਤਮ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ – ਸਿਵਲ ਸਰਜਨ ਡਾ. ਰਾਜੇਸ਼ ਗਰਗ

ਜਲੰਧਰ (25.04.2026): “ਵਿਸ਼ਵ ਮਲੇਰੀਆ ਦਿਵਸ” ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਜਲੰਧਰ ਵੱਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਰਗੋ ਕੈਂਪ ਅਤੇ ਸਰਕਾਰੀ ਮਿਡਲ ਸਕੂਲ, ਬੂਟਾ ਪਿੰਡ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕੀਤੇ ਗਏ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਦਿਵਸ ਇਸ ਸਾਲ “Driven to End Malaria: Now We Can. Now We Must” ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਮਲੇਰੀਆ ਪ੍ਰਤੀ ਜਾਗਰੂਕ ਕਰਨਾ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜਿਸ ਕਾਰਨ ਮਰੀਜ਼ ਨੂੰ ਤੇਜ਼ ਬੁਖਾਰ ਅਤੇ ਸਰੀਰ ਵਿੱਚ ਕੰਬਣੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਰੋਕਥਾਮਯੋਗ ਅਤੇ ਇਲਾਜਯੋਗ ਹੈ, ਇਸਦੇ ਖਾਤਮੇ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਡਾ. ਗਰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਦੀ ਰੋਕਥਾਮ ਲਈ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਲੱਛਣ ਦਿਸਣ ‘ਤੇ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ।
ਇਸੇ ਮੁਹਿੰਮ ਤਹਿਤ ਸ਼ਨੀਵਾਰ ਨੂੰ ਭਾਰਗੋ ਕੈਂਪ ਸਕੂਲ ਵਿਖੇ ਮੈਡੀਕਲ ਅਫ਼ਸਰ ਡਾ. ਤੇਜਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਲਾਰਵੇ ਦੀ ਪੈਦਾਵਾਰ ਵਾਲੀਆਂ ਥਾਵਾਂ ਦੀ ਜਾਂਚ ਕਰਨ ਉਪਰੰਤ ਵਿਦਿਆਰਥਣਾਂ ਨੂੰ ਬੈਨਰਾਂ ਤੇ ਪੋਸਟਰਾਂ ਰਾਹੀਂ ਬਚਾਅ ਦੇ ਨੁਕਤੇ ਸਮਝਾਏ ਅਤੇ ਮਲੇਰੀਆ ਦੇ ਖਾਤਮੇ ਦਾ ਸੰਕਲਪ ਦਿਵਾਇਆ। ਇਸ ਸੈਮੀਨਾਰ ਵਿੱਚ ਪ੍ਰਿੰਸੀਪਲ ਸ਼ਾਮ ਕੁਮਾਰ, ਸੁਖਜਿੰਦਰ ਸਿੰਘ, ਅਮ੍ਰਿਤਪਾਲ, ਅਮਿਤ ਕੁਮਾਰ, ਰਾਜਵਿੰਦਰ ਸਿੰਘ, ਰਾਜੀਵ ਕੁਮਾਰ, ਪ੍ਰਦੀਪ ਕੁਮਾਰ, ਅਮਨਪ੍ਰੀਤ ਕੌਰ, ਬਲਬੀਰ ਕੌਰ, ਸਵੀਤਾ ਅਤੇ ਅਧਿਆਪਕ ਸ਼ਵੇਤਾ, ਸਤਵੀਰ ਕੌਰ, ਮੋਨੀਕਾ, ਰਾਜਿੰਦਰ ਕੌਰ, ਰਿੰਕੂ ਤੇ ਸ਼ਿਫਾਲੀ ਸ਼ਰਮਾ ਮੌਜੂਦ ਸਨ।
ਦੂਜੇ ਪਾਸੇ, ਸਰਕਾਰੀ ਮਿਡਲ ਸਕੂਲ, ਬੂਟਾ ਪਿੰਡ ਵਿਖੇ ਏ.ਐਮ.ਓ. ਡਾ. ਦੇਵਰਾਜ ਅਤੇ ਡਾ. ਮੋਨਿਕਾ ਦੀ ਆਰ.ਬੀ.ਐਸ.ਕੇ. ਟੀਮ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਬੱਚੇ ਆਪਣੇ ਪਰਿਵਾਰਾਂ ਨੂੰ ਵੀ ਜਾਗਰੂਕ ਕਰ ਸਕਣ। ਇਸ ਮੌਕੇ ਫਾਰਮਾਸਿਸਟ ਕਾਮਨਾ ਅਤੇ ਅਧਿਆਪਕ ਕਿਰਨ ਬਾਲਾ ਤੇ ਮੀਰਾ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਿਹਤ ਵਿਭਾਗ ਵੱਲੋਂ ਸਕੂਲੀ ਪੱਧਰ ‘ਤੇ ਕੀਤੇ ਗਏ ਇਨ੍ਹਾਂ ਯਤਨਾਂ ਦਾ ਮੁੱਖ ਉਦੇਸ਼ ਸਮੁੱਚੇ ਸਮਾਜ ਨੂੰ ਮਲੇਰੀਆ ਮੁਕਤ ਬਣਾਉਣ ਲਈ ਜਾਗਰੂਕ ਕਰਨਾ ਹੈ।

Related Articles

Back to top button