ਜਲੰਧਰ (12-05-2026): “ਅੰਤਰਰਾਸ਼ਟਰੀ ਨਰਸ ਦਿਵਸ” ਸੰਬੰਧੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਦੀ ਦੇਖਰੇਖ ਹੇਠ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਵਿਖੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਨਰਸਿੰਗ ਸਟਾਫ ਨੂੰ ਮਾਨਵਤਾ ਦੀ ਸੇਵਾ ਪੂਰੀ ਨਿਸ਼ਠਾ ਅਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਅੰਤਰਰਾਸ਼ਟਰੀ ਨਰਸ ਦਿਵਸ” ਇੱਕ ਵਿਸ਼ਵਵਿਆਪੀ ਸਿਹਤ ਸੰਭਾਲ ਸਮਾਗਮ ਹੈ ਜੋ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ, ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਵਸ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਇਸ ਦਿਵਸ ਨੂੰ “ਸਾਡੀਆਂ ਨਰਸਾਂ, ਸਾਡਾ ਭਵਿੱਖ, ਸਸ਼ਕਤ ਨਰਸਾਂ ਜਾਨਾਂ ਬਚਾਉਂਦੀਆਂ ਹਨ” ਵਿਸ਼ੇ ਤਹਿਤ ਮਨਾਇਆ ਗਿਆ। ਜਿਸਦਾ ਮੰਤਵ ਨਰਸਿੰਗ ਵਰਕਫੋਰਸ ਦੇ ਪੂਰੇ ਜੀਵਨ-ਰੱਖਿਅਕ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨ ਲਈ, ਨਰਸਾਂ ਨੂੰ ਸੁਰੱਖਿਅਤ, ਨਿਰਪੱਖ ਵਾਤਾਵਰਣ ਅਤੇ ਪੂਰੇ ਨਰਸਿੰਗ ਅਭਿਆਸ, ਪ੍ਰਭਾਵ ਅਤੇ ਲੀਡਰਸ਼ਿਪ ਨਾਲ ਸਸ਼ਕਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਰਸਾਂ ਲੋਕਾਂ ਦੀ ਸਿਹਤ ਦੀਆਂ ਪਹਿਰੇਦਾਰ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਸਸ਼ਕਤ ਨਰਸਿੰਗ ਕਾਰਜਬਲ ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਨ ਦੇ ਨਾਲ-ਨਾਲ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵੱਲੋਂ ਵੀ ਨਰਸਿੰਗ ਸਟਾਫ ਨੂੰ ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਬਾਰੇ ਦੱਸਦੇ ਹੋਏ ਮਰੀਜਾਂ ਦੀ ਦੇਖਭਾਲ ਅਤੇ ਰੋਗੀਆਂ ਨੂੰ ਮੁੜ ਸਿਹਤਮੰਦ ਬਣਾਉਣ ਵਿੱਚ ਨਰਸਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਦਾਖਿਲ ਮਰੀਜਾਂ ਨੂੰ ਗੰਭੀਰ ਰੋਗਾਂ ਤੋਂ ਛੁਟਕਾਰਾ ਦੁਆਉਣ ਵਿੱਚ ਜਿੱਥੇ ਡਾਕਟਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ, ਉਥੇ ਨਰਸਾਂ ਵਲੋਂ ਮਰੀਜਾਂ ਦੀ ਕੀਤੀ ਗਈ ਦੇਖਭਾਲ ਵੀ ਵਡਮੁੱਲੀ ਹੁੰਦੀ ਹੈ ਅਤੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਆਰਥਿਕਤਾ, ਸਮਾਜ ਅਤੇ ਸੱਭਿਆਚਾਰ ‘ਤੇ ਨਰਸਿੰਗ ਪੇਸ਼ੇ ਦੇ ਪ੍ਰਭਾਵ ਨੂੰ ਮਾਨਤਾ ਦੇਣਾ ਹੈ, ਨਾਲ ਹੀ ਵਿਸ਼ਵ ਪੱਧਰ ‘ਤੇ ਨਰਸਾਂ ਦੀ ਸਵੀਕ੍ਰਿਤੀ, ਸਮਰਥਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਦਿਨ ਸਿਹਤ ਸੇਵਾ ਖੇਤਰ ਵਿੱਚ ਨਰਸਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ।

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਨੇ ਕਿਹਾ ਕਿ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣ ਲਈ ਨਰਸਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਨਰਸਿੰਗ ਸਟਾਫ ਤੋਂ ਬਗ਼ੈਰ ਸਿਹਤ ਸੇਵਾਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਐੱਸ.ਐੱਮ.ਓ. ਡਾ. ਵਰਿੰਦਰ ਕੌਰ ਥਿੰਦ, ਐਸ.ਐਮ.ਓ. ਡਾ. ਹਰਵੀਨ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਮੈਟਰਨ ਜਸਵੀਰ ਕੌਰ, ਨਰਸਿੰਗ ਸਿਸਟਰ ਅਨੀਤਾ ਮੌਜੂਦ ਸਨ।