
ਜਲੰਧਰ (26.06.2026) – ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਮੱਦੇਨਜਰ ਹੀ ਸਿਵਲ ਹਸਪਤਾਲ ਜਲੰਧਰ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਨੂੰ ਤਿੰਨ ਨਵੀਆਂ ਕਲਰ ਡੋਪਲਰ ਅਲਟਰਾਸਾਊਂਡ ਮਸ਼ੀਨਾਂ ਨਾਲ ਲੈਸ ਕੀਤਾ ਗਿਆ ਹੈ। ਐਮ.ਸੀ.ਐਚ. ਸੈਂਟਰ, ਸਿਵਲ ਹਸਪਤਾਲ ਵਿਖੇ ਸ਼ੁੱਕਰਵਾਰ ਨੂੰ ਇਨ੍ਹਾਂ ਮਸ਼ੀਨਾ ਦਾ ਰਸਮੀ ਉਦਘਾਟਨ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵੱਲੋਂ ਕੀਤਾ ਗਿਆ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਨ੍ਹਾਂ ਆਧੁਨਿਕ ਕਲਰ ਡੋਪਲਰ ਮਸ਼ੀਨਾਂ ਰਾਹੀਂ ਖਾਸ ਕਰਕੇ ਗਰਭਵਤੀ ਮਹਿਲਾਵਾਂ ਅਤੇ ਹੋਰ ਮਹਿਲਾ ਮਰੀਜਾਂ ਨੂੰ ਵੱਡਾ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਪਹਿਲਾਂ ਅਲਟਰਾਸਾਊਂਡ ਕਲਰ ਡੋਪਲਰ ਜਾਂਚ ਲਈ ਨਿੱਜੀ ਕੇਂਦਰਾਂ ਦਾ ਸਹਾਰਾ ਲੈਣਾ ਪੈਂਦਾ ਸੀ। ਨਵੀਆਂ ਮਸ਼ੀਨਾਂ ਲੱਗਣ ਨਾਲ ਪੂਰੇ ਖੇਤਰ ਦੇ ਲੋਕਾਂ ਨੂੰ ਬਿਹਤਰ ਸਸਤੀ ਅਤੇ ਸੁਵਿਧਾਜਨਕ ਸਿਹਤ ਸੇਵਾਵਾਂ ਪ੍ਰਾਪਤ ਹੋਣਗੀਆਂ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ (DFWO) ਡਾ. ਵਨਿੰਦਰ ਰਿਆੜ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਆਧੁਨਿਕ ਕਲਰ ਡੋਪਲਰ ਮਸ਼ੀਨਾਂ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ। ਮਾਤਰੀ ਅਤੇ ਸ਼ਿਸ਼ੂ ਸਿਹਤ ਸੇਵਾਵਾਂ (MCH) ਵਿੱਚ ਹੋਏ ਇਸ ਸੁਧਾਰ ਨਾਲ ਜਿੱਥੇ ਆਮ ਲੋਕਾਂ ‘ਤੇ ਆਰਥਿਕ ਬੋਝ ਘਟੇਗਾ, ਉੱਥੇ ਹੀ ਪਰਿਵਾਰ ਭਲਾਈ ਸਕੀਮਾਂ ਤਹਿਤ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਅਤੇ ਉੱਚ-ਪੱਧਰੀ ਡਾਕਟਰੀ ਜਾਂਚ ਦੀ ਸਹੂਲਤ ਹਸਪਤਾਲ ਵਿੱਚ ਹੀ ਮਿਲ ਸਕੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਆਧੁਨਿਕ ਕਲਰ ਡੋਪਲਰ ਮਸ਼ੀਨਾਂ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ, ਗਰਭ ਅਵਸਥਾ ਦੌਰਾਨ ਪੈਦਾ ਹੋਣ ਵਾਲੀਆਂ ਜਟਿਲਤਾਵਾਂ ਅਤੇ ਹੋਰ ਸਿਹਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਸਹੀ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਡਾ. ਮਹਿੰਦਰ ਪ੍ਰਤਾਪ ਸਿੰਘ, ਡਾ. ਗੋਰਵ ਸੇਠੀ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਡਿਪਟੀ ਐਮਈਆਈਓ ਗੁਰਜੀਤ ਕੌਰ ਮੌਜੂਦ ਸਨ।