
ਜਲੰਧਰ15.07.2026: ਬਰਸਾਤ ਦੇ ਮੌਸਮ ਦੇ ਚਲਦਿਆਂ ਜਿੱਥੇ ਆਮ ਤੌਰ ‘ਤੇ ਡੇਂਗੂ ਅਤੇ ਮਲੇਰੀਆ ਵਰਗੀਆਂ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਗੱਲ ਕੀਤੀ ਜਾਂਦੀ ਹੈ, ਉੱਥੇ ਨਾਲ ਹੀ ਇਸ ਮੌਸਮ ਵਿੱਚ ਦੂਸ਼ਿਤ ਪਾਣੀ ਅਤੇ ਭੋਜਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵੀ ਸੁਚੇਤ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਬਰਸਾਤ ਕਾਰਨ ਜਗ੍ਹਾ-ਜਗ੍ਹਾ ਪਾਣੀ ਜਮ੍ਹਾਂ ਹੋਣ ਅਤੇ ਸੀਵਰੇਜ ਦੇ ਓਵਰਫਲੋਅ ਹੋਣ ਨਾਲ ਪੀਣ ਵਾਲੇ ਪਾਣੀ ਦੇ ਸਰੋਤ ਦੂਸ਼ਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਹਵਾ ਵਿੱਚ ਵੱਧ ਰਹੀ ਨਮੀ ਅਤੇ ਗਰਮੀ ਕਾਰਨ ਬੈਕਟੀਰੀਆ ਅਤੇ ਹੋਰ ਸੂਖਮ ਜੀਵ ਬਹੁਤ ਤੇਜ਼ੀ ਨਾਲ ਪਨਪਦੇ ਹਨ, ਜਿਸ ਨਾਲ ਖੁੱਲ੍ਹੇ ਵਿੱਚ ਪਿਆ ਖਾਣਾ ਬਹੁਤ ਜਲਦੀ ਖ਼ਰਾਬ ਹੋ ਜਾਂਦਾ ਹੈ। ਜੇਕਰ ਇਸ ਮੌਸਮ ਵਿੱਚ ਖਾਣ-ਪੀਣ ਦੇ ਮਾਮਲੇ ਵਿੱਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਵਰਤੀ ਜਾਵੇ, ਤਾਂ ਫੂਡ ਪੋਇਜ਼ਨਿੰਗ, ਉਲਟੀਆਂ-ਦਸਤ (ਗੈਸਟ੍ਰੋਐਂਟਰਾਈਟਿਸ), ਟਾਈਫਾਈਡ, ਹੈਜ਼ਾ ਅਤੇ ਹੈਪੇਟਾਈਟਸ-ਏ (ਪੀਲੀਆ) ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਾ. ਗਰਗ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਦੀ ਸ਼ੁਰੂਆਤ ਆਮ ਤੌਰ ‘ਤੇ ਹਲਕੇ ਲੱਛਣਾਂ ਨਾਲ ਹੁੰਦੀ ਹੈ, ਪਰ ਸਮੇਂ ਸਿਰ ਧਿਆਨ ਨਾ ਦੇਣ ‘ਤੇ ਇਹ ਗੰਭੀਰ ਰੂਪ ਲੈ ਸਕਦੀਆਂ ਹਨ। ਇਸ ਲਈ ਜੇਕਰ ਪਰਿਵਾਰ ਵਿੱਚ ਕਿਸੇ ਵੀ ਮੈਂਬਰ ਨੂੰ ਲਗਾਤਾਰ ਉਲਟੀਆਂ, ਦਸਤ, ਤੇਜ਼ ਬੁਖਾਰ, ਢਿੱਡ ਵਿੱਚ ਦਰਦ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਦੇ ਲੱਛਣ ਜਿਵੇਂ ਕਿ ਮੂੰਹ ਸੁੱਕਣਾ ਅਤੇ ਪਿਸ਼ਾਬ ਘੱਟ ਆਉਣਾ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ, ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਛੋਟੇ ਬੱਚੇ, ਬਜ਼ੁਰਗ, ਗਰਭਵਤੀ ਔਰਤਾਂ ਅਤੇ ਘੱਟ ਇਮਿਊਨਿਟੀ ਜਾਂ ਸ਼ੂਗਰ ਵਾਲੇ ਮਰੀਜ਼ਾਂ ਨੂੰ ਇਸ ਮੌਸਮ ਵਿੱਚ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ, ਕਿਉਂਕਿ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ ਉਨ੍ਹਾਂ ਦੀ ਸਿਹਤ ਲਈ ਵਧੇਰੇ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਸਿਵਲ ਸਰਜਨ ਡਾ ਰਾਜੇਸ਼ ਗਰਗ ਨੇ ਅਪੀਲ ਕੀਤੀ ਕਿ ਹਮੇਸ਼ਾ ਉਬਾਲ ਕੇ ਤੇ ਠੰਡਾ ਕੀਤਾ ਪਾਣੀ ਜਾਂ ਚੰਗੀ ਤਰ੍ਹਾਂ ਫਿਲਟਰ (ਪਿਊਰੀਫਾਈਡ) ਕੀਤਾ ਪਾਣੀ ਹੀ ਪੀਣ ਲਈ ਵਰਤਿਆ ਜਾਵੇ। ਖਾਣੇ ਦੇ ਮਾਮਲੇ ਵਿੱਚ ਹਮੇਸ਼ਾ ਤਾਜ਼ਾ ਅਤੇ ਗਰਮ ਬਣਿਆ ਹੋਇਆ ਭੋਜਨ ਹੀ ਖਾਓ । ਇਸ ਦੇ ਨਾਲ ਹੀ, ਬਾਹਰ ਰੇਹੜੀਆਂ-ਫੜ੍ਹਿਆਂ ‘ਤੇ ਵਿਕਣ ਵਾਲੇ ਖੁੱਲ੍ਹੇ ਸਟ੍ਰੀਟ ਫੂਡ, ਪਹਿਲਾਂ ਤੋਂ ਕੱਟ ਕੇ ਰੱਖੇ ਹੋਏ ਫਲ ਅਤੇ ਬਾਹਰਲੇ ਕੱਚੇ ਸਲਾਦ ਖਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ, ਘਰ ਵਿੱਚ ਬਣੇ ਭੋਜਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਫ਼ਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਝ ਵੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਦੀ ਆਦਤ ਪਾਓ ਅਤੇ ਘਰ ਵਿੱਚ ਵਰਤੇ ਜਾਣ ਵਾਲੇ ਫਲਾਂ ਤੇ ਸਬਜ਼ੀਆਂ ਨੂੰ ਵੀ ਬਣਾਉਣ ਜਾਂ ਖਾਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਉਨ੍ਹਾਂ ਇਹ ਵੀ ਕਿਹਾ ਕਿ ਬਿਮਾਰ ਹੋਣ ਦੀ ਸਥਿਤੀ ਵਿੱਚ ਕਦੇ ਵੀ ਖੁਦ ਇਲਾਜ (ਸੈਲਫ-ਮੈਡੀਕੇਸ਼ਨ) ਨਾ ਕੀਤਾ ਜਾਵੇ ਅਤੇ ਕੇਵਲ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਈ ਜਾਵੇ ।