

ਕਰਤਾਰਪੁਰ,28 ਨਵੰਬਰ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਖੇਤ ਮਜ਼ਦੂਰ ਸਭਾ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕਰਕੇ ਝੁੱਗੀਆਂ ਵਿੱਚ ਰਹਿ ਰਹੇ ਮਜ਼ਦੂਰਾਂ ਅਤੇ ਰੇਹੜੀਆਂ, ਫੜੀਆਂ ਤੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਧਮਕਾਉਣ ਵਾਲਿਆਂ ਸਮੇਤ ਆਪਣੇ ਆਪ ਨੂੰ ਸੱਤਾਧਾਰੀ ਧਿਰ ਆਪ ਪਾਰਟੀ ਦੇ ਆਗੂ ਦੱਸਦੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ 7 ਦਸੰਬਰ ਨੂੰ ਕਰਤਾਰਪੁਰ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਆਗੂਆਂ ਕਿਹਾ ਕਿ ਲਾਲ ਲਕੀਰ ਚ ਰਹਿੰਦੇ ਪਰਿਵਾਰਾਂ ਨੂੰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਕੇ ਮਾਲਕੀ ਹੱਕ ਦੇਣ, ਘਰ ਤੇ ਮਕਾਨ ਉਸਾਰੀ ਲਈ ਗ੍ਰਾਂਟ ਦੇਣ ਅਤੇ ਮਗਨਰੇਗਾ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਜਲੰਧਰ ਦੀਆਂ ਸਾਰੀਆਂ ਤਹਿਸੀਲਾਂ ਅੰਦਰ 7 ਦਸੰਬਰ ਨੂੰ ਪਹਿਲਾਂ ਹੀ ਪ੍ਰਦਰਸ਼ਨ ਕੀਤੇ ਜਾ ਹਨ।
ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਸਰਕਾਰੀ ਏਜੰਸੀਆਂ ਦੇ ਹੱਥਾਂ ਵਿੱਚ ਖੇਡਦੇ ਹੋਏ ਕੁੱਝ ਲੋਕ ਸਮੇਤ ਆਪਣੇ ਆਪ ਨੂੰ ਸੱਤਾਧਾਰੀ ਧਿਰ ਆਪ ਪਾਰਟੀ ਦੇ ਆਗੂ ਦੱਸਦੇ ਵਿਅਕਤੀ ਆਮ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਮਾਜ ਵਿੱਚ ਵੰਡੀਆਂ ਪਾਉਣ ਅਤੇ ਪੰਜਾਬੀ ਬਨਾਮ ਗ਼ੈਰ ਪੰਜਾਬੀ ਦਾ ਮਸਲਾ ਖੜ੍ਹਾ ਕਰਨ ਦੇ ਇਰਾਦੇ ਨਾਲ ਝੁੱਗੀਆਂ ਵਿੱਚ ਰਹਿ ਰਹੇ ਮਜ਼ਦੂਰਾਂ ਅਤੇ ਰੇਹੜੀਆਂ, ਫੜੀਆਂ ਤੇ ਦੁਕਾਨਦਾਰੀ ਕਰ ਰਹੇ ਕਿਰਤੀਆਂ ਨੂੰ ਉਜਾੜਨ ਲਈ ਧਮਕੀਆਂ ਦੇ ਕੇ ਡਰ ਤੇ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਗੈਰ ਪੰਜਾਬੀ ਮਜ਼ਦੂਰ ਦਸ਼ਾ ਨੌਹਾਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਚੰਦ ਦਿਨਾਂ ਵਿੱਚ ਹੀ 25 ਰੂਪਏ ਤੋਂ 70 ਰੂਪਏ ਕਿਲੋ ਖੰਡ ਦੀ ਕੀਮਤ ਵਧਾਉਣ,ਖਾਣ ਵਾਲੇ ਤੇਲ ਦੀ 80 ਰੂਪਏ ਕਿਲੋ ਮਗਰ ਵਾਧਾ ਕਰਨ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣ ਸਮੇਤ ਰਸੋਈ ਵਿੱਚ ਵਰਤੋਂ ਦੀਆਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਧਾਈਆਂ ਗਈਆ ਹਨ।ਮਹਿੰਗਾਈ ਛੜੱਪੇ ਮਾਰ ਕੇ ਵਧ ਗਈ ਹੈ। ਬੇਰੁਜ਼ਗਾਰੀ ਅਮਰਵੇਲ ਵਾਂਗ ਵਧ ਰਹੀ ਹੈ ਅਤੇ ਲੋਕਾਂ ਦੀਆਂ ਘਰ,ਮਕਾਨ, ਰੁਜ਼ਗਾਰ ਵਰਗੀਆਂ ਮੁਸ਼ਕਲਾਂ ਦਾ ਸਰਕਾਰਾਂ ਤੋਂ ਕੋਈ ਹੱਲ ਨਹੀਂ ਹੋਇਆ। ਇਹਨਾਂ ਬੁਨਿਆਦੀ ਸਮੱਸਿਆਵਾਂ ਤੋਂ ਧਿਆਨ ਲਾਂਭੇ ਕਰਨ ਲਈ ਸਰਕਾਰ ਅਤੇ ਸਰਕਾਰੀ ਏਜੰਸੀਆਂ ਦੇ ਇਸ਼ਾਰੇ ਉੱਤੇ ਕੁੱਝ ਝੋਲ਼ੀ ਚੁੱਕ ਲੋਕ ਪੰਜਾਬ ਦੇ ਸ਼ਾਂਤਮਈ ਭਾਈਚਾਰਕ ਮਾਹੌਲ ਨੂੰ ਲਾਂਬੂ ਲਾਉਣ ਲਈ ਸਾਜ਼ਿਸ਼ ਤਹਿਤ ਯਤਨ ਕਰ ਰਹੇ ਹਨ।ਇਸ ਸਾਜ਼ਿਸ਼ ਤਹਿਤ ਹੀ ਉਹ ਕਦੇ ਹਿੰਦੂ ਬਨਾਮ ਸਿੱਖ,ਕਦੇ ਸਿੱਖ ਬਨਾਮ ਦਲਿਤ ਮੁੱਦਾ ਖੜ੍ਹਾ ਕਰਨ ਦਾ ਯਤਨ ਕਰਦੇ ਹਨ। ਜਦੋਂ ਪੰਜਾਬ ਦੇ ਸੂਝਵਾਨ ਲੋਕਾਂ ਨੇ ਉਹਨਾਂ ਫੁੱਟ ਪਾਊ ਤਾਕਤਾਂ ਨੂੰ ਪੱਠੇ ਨਹੀਂ ਪਾਏ ਤਾਂ ਉਹਨਾਂ ਵਲੋਂ ਪੰਜਾਬੀ ਬਨਾਮ ਗ਼ੈਰ ਪੰਜਾਬੀ ਦਾ ਮੁੱਦਾ ਖੜ੍ਹਾ ਕਰਨ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਸੁਚੇਤ ਰੂਪ ਵਿੱਚ ਫੁੱਟ ਪਾਊ ਮਨਸੂਬਿਆਂ ਨੂੰ ਹਰਾਉਣਗੇ ਅਤੇ ਲੋਕਾਂ ਦੇ ਹਕੀਕੀ ਮੁੱਦਿਆਂ ਉੱਤੇ ਸੰਘਰਸ਼ ਲਾਮਬੰਦ ਕਰਨਗੇ।
ਉਨ੍ਹਾਂ ਸਮੂਹ ਮਜ਼ਦੂਰਾਂ ਨੂੰ 7 ਦਸੰਬਰ ਨੂੰ ਸਵੇਰੇ 11 ਵਜੇ ਦਾਣਾ ਮੰਡੀ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਰਸ਼ਪਾਲ ਕੈਲੇ,ਵੀਰ ਕੁਮਾਰ, ਪਰਵਿੰਦਰ ਪਲਫੋਤਾ, ਅੰਬੇਡਕਰ ਸੰਘਰਸ਼ ਮੋਰਚਾ ਦੇ ਤਰਲੋਕ ਵੈਂਡਲ,ਸਾਬੀ ਆਦਿ ਨੇ ਸੰਬੋਧਨ ਕੀਤਾ।
*ਕੈਪਸਨ: ਮਜ਼ਦੂਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਆਗੂ।*
ਜਾਰੀ ਕਰਤਾ,
ਕਸ਼ਮੀਰ ਸਿੰਘ ਘੁੱਗਸ਼ੋਰ
ਜ਼ਿਲ੍ਹਾ ਸਕੱਤਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ
8968684311



