

ਜਲੰਧਰ, 13 ਅਗਸਤ 2026 : ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਸੁਚੱਜੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹੇ ਵਿੱਚ ਐੱਚ.ਆਈ.ਵੀ./ਏਡਜ਼ ਦੀ ਰੋਕਥਾਮ, ਸਮੇਂ ਸਿਰ ਜਾਂਚ ਅਤੇ ਇਲਾਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਵਿਸ਼ੇਸ਼ ‘ਇੰਟੈਂਸਿਫਾਈਡ ਕੈਂਪੇਨ’ ਦੇ ਅੰਤਰਗਤ ਜਨ ਜਾਗਰੂਕਤਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ, ਵੱਲੋਂ ਅਸਮਾਨ ਵਿੱਚ ਰੰਗ-ਬਰੰਗੇ ਗੁਬਾਰੇ ਛੱਡ ਕੇ ਅਤੇ ਨੁੱਕੜ ਨਾਟਕ ਦੇਖਣ ਉਪਰੰਤ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਉਹਨਾਂ ਦੇ ਨਾਲ ਡੀ. ਐਫ. ਡਬਲਯੂ.ਓ. ਡਾ. ਵਨਿੰਦਰ ਰਿਆੜ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ-ਕਮ-ਨੋਡਲ ਅਫਸਰ ਏਡਜ਼ ਕੰਟਰੋਲ ਡਾ. ਪਰਮਵੀਰ ਸਿੰਘ ਵੀ ਮੌਜੂਦ ਸਨ ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇਆ ਦੱਸਿਆ ਕਿ ਇਹ ਇਹ ਵਿਸ਼ੇਸ਼ ਕੈਂਪੇਨ 12 ਅਗਸਤ ਤੋਂ 12 ਅਕਤੂਬਰ ਤੱਕ ਪੂਰੇ ਜਿਲੇ ਵਿੱਚ ਚਲਾਈ ਜਾ ਰਹੀ ਹੈ ਇਸ ਇੰਟੈਂਸਿਫਾਈਡ ਕੈਂਪੇਨ ਤਹਿਤ ਪੂਰੇ ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਅਤੇ ਵੱਖ-ਵੱਖ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਐੱਚ.ਆਈ.ਵੀ. ਦੇ ਫੈਲਣ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਜਾਵੇਗਾ । ਇਸ ਦੇ ਨਾਲ ਹੀ ਲੋਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।ਸਿਵਲ ਸਰਜਨ ਵੱਲੋਂ ਸਟੇਟ ਹੈਡਕੁਆਟਰ ਤੋਂ ਵਿਸ਼ੇਸ਼ ਤੌਰ ਤੇ ਆਈ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਮੰਡਲੀ ਦੁਆਰਾ ਪੇਸ਼ ਕੀਤੇ ਨੁਕੜ ਨਾਟਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਟੀਚਾ ਜਿਲ੍ਹੇ ਦੇ ਹਰ ਨਾਗਰਿਕ ਤੱਕ ਐੱਚ.ਆਈ.ਵੀ./ਏਡਜ਼ ਸਬੰਧੀ ਸਹੀ, ਵਿਿਗਆਨਕ ਅਤੇ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ, ਅਤੇ ਲੋਕਾਂ ਨੂੰ ਇਸ ਤੱਥ ਤੋਂ ਵਾਕਿਫ ਕਰਵਾਉਣਾ ਹੈ ਕਿ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਵਿੱਚ ਪੂਰੀ ਗੁਪਤਤਾ ਯਕੀਨੀ ਬਣਾਈ ਜਾਂਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀ.ਬੀ. ਅਫ਼ਸਰ-ਕਮ-ਨੋਡਲ ਅਫਸਰ ਏਡਜ਼ ਕੰਟਰੋਲ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਸੂਬਾ ਪੱਧਰੀ ਮੁਹਿੰਮ ਦੇ ਨਾਲ ਤਾਲਮੇਲ ਬਣਾਉਂਦਿਆਂ ਆਮ ਲੋਕਾਂ ਤਕ ਐਚ ਆਈ ਵੀ / ਏਡਜ਼ ਬਾਰੇ ਜਾਣਕਾਰੀ, ਨੁਕੜ ਨਾਟਕਾਂ, ਸੈਮੀਨਾਰਾਂ, ਜਾਗਰੂਕਤਾ ਰੈਲੀਆਂ ਅਤੇ ਫਲੈਸ਼ ਮੌਬ ਆਦਿ ਰਾਹੀਂ ਲੋਕਾਂ ਤੱਕ ਪਹੁੰਚਾਈ ਜਾਏਗੀ । ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰੀ ਏਡਜ਼ ਹੈਲਪਲਾਈਨ ਨੰ. 1097 ਬਾਰੇ ਵੀ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲੋਕ ਇਸ ਸਹੂਲਤ ਦਾ ਲਾਭ ਲੈਦਿਆਂ ਬਿਨਾਂ ਕਿਸੇ ਝਿਜਕ ਦੇ ਸਲਾਹ ਅਤੇ ਸੇਵਾਵਾਂ ਪ੍ਰਾਪਤ ਕਰ ਸਕਣ।
ਇਸ ਮੌਕੇ ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਦਿਸ਼ਾ ਕਲੱਸਟਰ ਜਲੰਧਰ ਦੇ ਕਲੀਨੀਕਲ ਸਰਵਿਿਸਜ਼ ਅਫ਼ਸਰ ਦੀਪਕ ਕੁਮਾਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਆਈ.ਸੀ.ਟੀ.ਸੀ., ਏ.ਆਰ.ਟੀ. ਸੈਂਟਰ, ਓ.ਐੱਸ.ਟੀ. ਸੈਂਟਰ, ਸੰਪੂਰਨ ਸੁਰੱਖਿਆ ਕੇਂਦਰ, ਡੀ.ਐੱਸ.ਆਰ.ਸੀ., ਸੀ.ਐੱਸ.ਸੀ., ਟੀ.ਆਈ./ਐੱਨ.ਜੀ.ਓ. ਸਵੇਰਾ ਪਲਾਨ ਫਾਊਂਡੇਸ਼ਨ ਐਸ ਬੀ ਜੀ ਜੀ ਐੱਸ ਅਤੇ ਹੋਰ ਸਹਿਯੋਗੀ ਸੰਸਥਾਵਾਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਸਮਾਗਮ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।



