ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪਾਵਰ ਗ੍ਰਿਡ ਸਬ-ਸਟੇਸ਼ਨ ਦਾ ਕੀਤਾ ਵਿਦਿਅਕ ਦੌਰਾ

ਜਲੰਧਰ: ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਵੱਲੋਂ Power Grid Corporation of India Limited (POWERGRID) ਦੇ 400/220 kV ਸਬ-ਸਟੇਸ਼ਨ, ਕਰਤਾਰਪੁਰ, ਜਲੰਧਰ ਦਾ ਉਦਯੋਗਿਕ ਅਤੇ ਵਿਦਿਅਕ ਦੌਰਾ ਕੀਤਾ ਗਿਆ।
ਇਹ ਦੌਰਾ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਅਤੇ ਇਲੈਕਟ੍ਰੀਕਲ ਵਿਭਾਗ ਦੀ ਮੁਖੀ ਸ਼੍ਰੀਮਤੀ ਗੀਤਾ ਰਾਣੀ ਜੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਦੌਰੇ ਦੌਰਾਨ ਗਗਨਦੀਪ ਅਤੇ ਵਿਕਰਮਜੀਤ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਹਾਜ਼ਰ ਰਹੇ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਪ੍ਰਾਪਤ ਸਿਧਾਂਤਕ ਗਿਆਨ ਨੂੰ ਅਸਲ ਉਦਯੋਗਿਕ ਅਤੇ ਵਿਹਾਰਕ ਸਥਿਤੀਆਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰਨਾ ਸੀ।
ਦੌਰੇ ਦੌਰਾਨ ਵਿਦਿਆਰਥੀਆਂ ਨੇ 400/220 kV ਸਬ-ਸਟੇਸ਼ਨ ਦੀ ਕਾਰਜਪ੍ਰਣਾਲੀ, ਬਿਜਲੀ ਦੀ ਟ੍ਰਾਂਸਮਿਸ਼ਨ ਨਾਲ ਸਬੰਧਤ ਵੱਖ-ਵੱਖ ਪ੍ਰਕਿਰਿਆਵਾਂ ਅਤੇ ਸਬ-ਸਟੇਸ਼ਨ ਵਿੱਚ ਵਰਤੇ ਜਾਂਦੇ ਮਹੱਤਵਪੂਰਨ ਬਿਜਲੀ ਉਪਕਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੂੰ ਟ੍ਰਾਂਸਫਾਰਮਰ, ਸਰਕਿਟ ਬ੍ਰੇਕਰ, ਆਈਸੋਲੇਟਰ, ਕਰੰਟ ਟ੍ਰਾਂਸਫਾਰਮਰ, ਵੋਲਟੇਜ ਟ੍ਰਾਂਸਫਾਰਮਰ, ਪ੍ਰੋਟੈਕਸ਼ਨ ਸਿਸਟਮ ਅਤੇ ਹੋਰ ਉਪਕਰਨਾਂ ਦੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਇਆ ਗਿਆ।
ਵਿਦਿਆਰਥੀਆਂ ਨੂੰ ਸਬ-ਸਟੇਸ਼ਨ ਵਿੱਚ ਅਪਣਾਏ ਜਾਂਦੇ ਸੁਰੱਖਿਆ ਪ੍ਰਬੰਧਾਂ, ਪ੍ਰੋਟੈਕਸ਼ਨ ਪ੍ਰਣਾਲੀ, ਵੋਲਟੇਜ ਦੇ ਰੂਪਾਂਤਰਣ ਅਤੇ ਬਿਜਲੀ ਦੀ ਭਰੋਸੇਯੋਗ ਟ੍ਰਾਂਸਮਿਸ਼ਨ ਸਬੰਧੀ ਵਿਹਾਰਕ ਜਾਣਕਾਰੀ ਵੀ ਦਿੱਤੀ ਗਈ। ਵਿਦਿਆਰਥੀਆਂ ਨੇ ਸਬ-ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਨੂੰ ਨੇੜਿਓਂ ਦੇਖਿਆ ਅਤੇ ਆਪਣੇ ਵਿਸ਼ੇ ਨਾਲ ਸਬੰਧਤ ਕਈ ਸਵਾਲ ਪੁੱਛ ਕੇ ਉਨ੍ਹਾਂ ਦੇ ਜਵਾਬ ਪ੍ਰਾਪਤ ਕੀਤੇ।
ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕਿਹਾ ਕਿ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉਦਯੋਗਿਕ ਵਾਤਾਵਰਣ ਅਤੇ ਅਸਲ ਕੰਮਕਾਜ ਦੀ ਸਮਝ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ!



