

ਜਲੰਧਰ (08.10.2026) – ਪੰਜਾਬ ਸਰਕਾਰ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ। ਅੰਨੇਪਣ ਅਤੇ ਨੇਤਰਹੀਣਤਾ ਤੋਂ ਬਚਾਅ ਲਈ ਰਾਸ਼ਟਰੀ ਪ੍ਰੋਗਰਾਮ ਤਹਿਤ “ਵਿਸ਼ਵ ਦ੍ਰਿਸ਼ਟੀ ਦਿਵਸ” ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਬੀਤੇ ਦਿਨੀਂ ਵਿਸ਼ੇਸ਼ ਕੈਂਪ ਲਗਾ ਕੇ 26 ਕੈਟ੍ਰੇਕਟ (ਮੋਤੀਆਬਿੰਦ) ਮਰੀਜਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਗਏ। ਇਨ੍ਹਾਂ ਮਰੀਜ਼ਾਂ ਵਿੱਚ ਈਐਸਆਈ ਹਸਪਤਾਲ ਦੇ ਮਰੀਜ ਵੀ ਸ਼ਾਮਲ ਸਨ। ਮੈਡੀਕਲ ਸੁਪਰਡੈਂਟ ਈਐਸਆਈ ਡਾ. ਜਯੋਤੀ ਸ਼ਰਮਾ, ਐਸ.ਐਮ.ਓ. ਡਾ. ਅਰੂਣ ਵਰਮਾ ਅਤੇ ਡਾ. ਗੁਰਪ੍ਰੀਤ ਕੌਰ ਦੀ ਮੌਜੂਦਗੀ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਬੁੱਧਵਾਰ ਨੂੰ ਆਪ੍ਰੇਟ ਕੀਤੇ ਮਰੀਜਾਂ ਦੀ ਪੱਟੀ ਖੋਲੀ ਗਈ ਅਤੇ ਸਹਾਰਾ ਸੇਵਾ ਸਮਿਤੀ ਦੇ ਹਰਬੰਸ ਗਗਨੇਜਾ ਦੇ ਸਹਿਯੋਗ ਨਾਲ ਇਨ੍ਹਾਂ ਮਰੀਜਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਅਤੇ ਰਿਫਰੈਸ਼ਮੈਂਟ ਦਿੱਤੀ ਗਈ।
ਮੈਡੀਕਲ ਸੁਪਰਡੈਂਟ ਡਾ. ਜਯੋਤੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਵਸ ਨੂੰ “ਇਹ ਸਿਰਫ ਨਜ਼ਰ ਨਹੀਂ, ਇਹ ਪੂਰਾ ਭਵਿੱਖ ਹੈ”ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ। ਜਿਸਦਾ ਮੁੱਖ ਮਕਸਦ ਅੱਖਾਂ ਸੁਰੱਖਿਅਤ ਰੱਖਣ ਲਈ ਨੌਜਵਾਨਾਂ, ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ 20/20/20 ਨਿਯਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ 20/20/20 ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਬਾਇਲ, ਟੈਬ, ਲੈਪਟਾਪ, ਟੈਲੀਵਿਜ਼ਨ ਸਕਰੀਨਾਂ ਅਤੇ ਡਿਜੀਟਲ ਮੀਡੀਆ ਦੀ ਵਰਤੋਂ ਕਾਰਨ ਅੱਖਾਂ ਤੇ ਦਬਾਅ/ਅਸਰ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਲਈ ਸਾਨੂੰ ਸਕਰੀਨ ਦੀ ਵਰਤੋਂ ਦੌਰਾਨ ਆਪਣੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਹਰ 20 ਮਿੰਟ ਬਾਅਦ ਇੱਕ ਵਾਰ 20 ਸਕਿੰਟ ਦਾ ਬ੍ਰੇਕ ਲੈਣਾ ਚਾਹੀਦਾ ਹੈ ਅਤੇ ਇਸ ਦੌਰਾਨ 20 ਫੁੱਟ ਦੀ ਦੂਰੀ ਤੇ ਪਈ ਕੋਈ ਵੀ ਚੀਜ ਤੇ ਫੋਕਸ ਕਰਨਾ ਚਾਹੀਦਾ ਹੈ, ਇਸ ਨਾਲ ਅੱਖਾਂ ਤੇ ਅਣਚਾਹੇ ਦਬਾਅ ਅਤੇ ਦਰਦ ਤੋਂ ਬਚਿਆ ਜਾ ਸਕਦਾ ਹੈ।
ਡਾ. ਗੁਰਪ੍ਰੀਤ ਕੌਰ ਐਸਐਮਓ ਆਈ ਮੋਬਾਈਲ ਯੂਨਿਟ ਨੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੀਆਂ ਅੱਖਾਂ ਦੀ ਦੇਖਭਾਲ ਲਈ ਜਰੂਰੀ ਸੁਝਾਅ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਅੱਖਾਂ ਨੂੰ ਅਲਟ੍ਰਾ ਵਾਇਲਟ (ਯੂ.ਵੀ.) ਕਿਰਨਾਂ ਤੋਂ ਬਚਾਓ, ਸਕ੍ਰੀਨ ਤੇ ਕੰਮ ਕਰਦੇ ਸਮੇਂ ਸਹੀ ਦੂਰੀ ਅਤੇ ਲੈਵਲ ਦਾ ਧਿਆਨ ਰੱਖਣਾ, ਲਗਾਤਾਰ ਸਕਰੀਨ ਨੂੰ ਨਾ ਦੇਖਣ, ਸਕਰੀਨ ਦਾ ਸਮਾਂ ਸੀਮਿਤ ਕਰਨਾ, ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ, ਸੰਤੁਲਿਤ ਭੋਜਨ ਕਰਨ ਅਤੇ ਬਾਹਰ ਸਮਾਂ ਬਿਤਾਓਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ ਅੱਖਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਐਸ.ਐਮ.ਓ. ਡਾ. ਅਰੁਣ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਪਟਾਕਿਆ ਰਹਿਤ ਦਿਵਾਲੀ ਮਨਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਬਿਨਾਂ ਡਾਕਟਰ ਦੀ ਸਲਾਹ (ਪ੍ਰਿਸਕ੍ਰਿਪਸ਼ਨ) ਦੇ ਮੈਡੀਕਲ ਸਟੋਰ ਤੋਂ ਕੋਈ ਵੀ ਆਈ-ਡਰਾਪ (Eye Drops) ਖਰੀਦ ਕੇ ਅੱਖਾਂ ਵਿੱਚ ਨਾ ਪਾਓ, ਕਿਉਂਕਿ ਕਈ ਡਰਾਪਸ ਵਿੱਚ ਸਟੀਰੌਇਡ ਹੁੰਦੇ ਹਨ ਜੋ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਨਜ਼ਰ ਧੁੰਦਲੀ ਹੋਵੇ, ਅੱਖਾਂ ਵਿੱਚ ਦਰਦ ਜਾਂ ਲਾਲੀ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ , ਸਟਾਫ਼ ਨਰਸ ਅਮਰਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਮੌਜੂਦ ਸੀ।



