Sliderपंजाब

ਸਹੀ ਜਾਣਕਾਰੀ ਨਾਲ ਹੀ ਏਡਜ਼ ਤੋਂ ਬਚਾਓ ਸੰਭਵ, ਸਿਹਤਮੰਦ ਜਿੰਦਗੀ ਲਈ ਐਚ.ਆਈ.ਵੀ ਦੀ ਜਾਂਚ ਕਰਵਾਉਣੀ ਜਰੂਰੀ – ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ

ਜਲੰਧਰ (01-12-2025): “ਵਿਸ਼ਵ ਏਡਜ਼ ਦਿਵਸ” ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ “ਦਿਸ਼ਾ” ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਕੀਤੀ ਗਈ। ਇਸ ਉਪਰੰਤ “ਦਿਸ਼ਾ” ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਸਿਵਲ ਸਰਜਨ ਦਫ਼ਤਰ ਤੋਂ ਏਡਜ਼ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸਨੂੰ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਨਰਸਿੰਗ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਚ.ਆਈ.ਵੀ./ਏਡਜ਼ ਨੂੰ ਦੁਨੀਆ ਭਰ ਵਿੱਚ ਸਭ ਤੋਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇਸ ਬਿਮਾਰੀ ਅਤੇ ਇਸਦੇ ਇਲਾਜ ਅਤੇ ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 1 ਦਸੰਬਰ ਨੂੰ “ਵਿਸ਼ਵ ਏਡਜ਼ ਦਿਵਸ” ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਵਸ ਨੂੰ “ਰੁਕਾਵਟਾਂ ਨੂੰ ਦੂਰ ਕਰਨਾ, ਏਡਜ਼ ਪ੍ਰਤੀਕ੍ਰਿਆ ਨੂੰ ਬਦਲਣਾ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।
ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਏਡਜ਼ ਇੱਕ ਸਿਹਤ ਸਮੱਸਿਆ ਹੀ ਨਹੀਂ ਬਲਕਿ ਇਹ ਇੱਕ ਸਮਾਜਿਕ ਸਮੱਸਿਆ ਵੀ ਹੈ, ਏਡਜ਼ ਵਰਗੇ ਰੋਗ ਪ੍ਰਤੀ ਸਭ ਨਾਗਰਿਕਾਂ ‘ਚ ਜਾਗਰੂਕਤਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦੀ ਸਹੀ ਜਾਣਕਾਰੀ ਨਾਲ ਹੀ ਇਸ ਰੋਗ ਤੋਂ ਬਚਾਓ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜਿੰਦਗੀ ਲਈ ਐਚ.ਆਈ.ਵੀ ਦੀ ਜਾਂਚ ਕਰਵਾਉਣੀ ਜਰੂਰੀ ਹੈ ਕਿਉਂਕਿ ਐਚ.ਆਈ.ਵੀ ਪ੍ਰਭਾਵਿਤ ਵਿਅਕਤੀ ਐਂਟੀ ਰਿਟਰੋ ਵਾਇਰਲ ਦਵਾਈਆਂ ਲੈ ਕੇ ਸਿਹਤਮੰਦ ਜੀਵਨ ਬਤੀਤ ਕਰ ਸਕਦਾ ਹੈ। ਇਹ ਦਵਾਈਆਂ ਏ.ਆਰ.ਟੀ. ਕੇਂਦਰਾਂ ‘ਚ ਇਲਾਜ ਸ਼ੁਰੂ ਕਰਵਾਉਣ ਦੇ ਬਾਅਦ ਮਰੀਜ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਐਚ.ਆਈ.ਵੀ. ਮਰੀਜ ਦੇ ਟੀ.ਬੀ. ਅਤੇ ਕਾਲਾ ਪੀਲੀਆ ਦੇ ਟੈਸਟ ਵੀ ਕੀਤੇ ਜਾਂਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਸਮੇਂ ਸਿਰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਜਿਲ੍ਹਾ ਟੀਬੀ ਅਫ਼ਸਰ ਡਾ. ਰੀਤੂ ਦਾਦਰਾ ਨੇ ਦੱਸਿਆ ਕਿ ਐਚ.ਆਈ.ਵੀ/ ਏਡਜ਼ ਇੱਕ ਭਿਆਨਕ ਸਮੱਸਿਆ ਹੈ ਪਰ ਜਾਗਰੂਕ ਹੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਹਰ ਵਿਅਕਤੀ ਨੂੰ ਇਸ ਬਿਮਾਰੀ ਦੇ ਫੈਲਣ ਦੇ ਕਾਰਨਾਂ ਬਾਰੇ ਪਤਾ ਹੋਣਾ ਅਤੀ ਜਰੂਰੀ ਹੈ। ਉਹਨਾਂ ਦੱਸਿਆ ਕਿ ਐਚ.ਆਈ.ਵੀ./ਏਡਜ਼ ਪ੍ਰਭਾਵਿਤ ਖੂਨ ਇੱਕ ਤੰਦਰੁਸਤ ਮਨੁੱਖ ਦੇ ਖੂਨ ਵਿੱਚ ਕਿਸੇ ਵੀ ਤਰੀਕੇ ਨਾਲ ਰਲਣ ਨਾਲ ਇਹ ਬਿਮਾਰੀ ਫੈਲਦੀ ਹੈ , ਭਾਵੇਂ ਉਹ ਖੂਨ ਇੱਕ ਪ੍ਰਭਾਵਿਤ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਮਿਲਣ ਨਾਲ, ਬਿਨਾਂ ਟੈਸਟ ਕੀਤਾ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨ ਨਾਲ,ਅਣਸੁਰੱਖਿਆਤ ਰਿਲੇਸ਼ਨਸ਼ਿਪ ਨਾਲ ਹੋਵੇ। ਉਹਨਾਂ ਕਿਹਾ ਕਿ ਇਸ ਤੋਂ ਬਚਣ ਲਈ ਉਕਤ ਕਾਰਨਾ ਬਾਰੇ ਜਾਗਰੂਕ ਹੋਣ ਦੀ ਜਰੂਰਤ ਹੈ।
“ਦਿਸ਼ਾ” ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਕਲੀਨਿਕਲ ਸਰਵਿਸਜ਼ ਅਫ਼ਸਰ ਦੀਪਕ ਕੁਮਾਰ ਨੇ ਵੀ ਏਡਜ਼ ਸਬੰਧੀ ਜਾਣਕਾਰੀ ਦਿੰਦਿਆਂ ਇਸ ਬਿਮਾਰੀ ਪ੍ਰਤੀ ਸਮਾਜ ਵਿੱਚ ਫੈਲੀਆਂ ਅਫਵਾਹਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਮਰੀਜਾਂ ਨੂੰ ਖੁਰਾਕ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦੇ ਹੋਏ “ਦਿਸ਼ਾ” ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਨਿਉਟ੍ਰੀਸ਼ਨ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਐਮ.ਈ.ਆਈ.ਓ. ਗੁਰਦੀਪ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ “ਦਿਸ਼ਾ” ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਤੋਂ ਪ੍ਰਦੀਪ ਕੌਰ, ਜੀਵਨਦੀਪ ਸਿੰਘ ਮੌਜੂਦ ਸਨ।

Related Articles

Back to top button