

*ਚੰਡੀਗੜ੍ਹ: 23 ਸਤੰਬਰ*
ਪੰਜਾਬ ਦੇ ਮੁਲਾਜ਼ਮਾਂ ਨਾਲ ਬੈਠਕ ਦੌਰਾਨ ਮੁੱਖ ਮੰਤਰੀ ਅਤੇ ‘ਆਪ’ ਸਰਕਾਰ ਨੇ 8% ਫੀਸਦੀ ਡੀਏ ਵਧਾਉਣ ਦਾ ਵਾਅਦਾ ਕੀਤਾ ਸੀ, ਪਰ ਜਿਹੜੀ ਇਸ ਬਾਰੇ ਅਧਿਕਰਾਤ ਚਿੱਠੀ ਜਾਰੀ ਕੀਤੀ ਗਈ ਉਹ ਮੁਲਾਜ਼ਮਾਂ ਨਾਲ ਨਿਰਾ ਧੋਖਾ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹਨ।
ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚਿੱਠੀ ਦੀ ਇਬਾਰਤ ਪੜ੍ਹਿਆਂ ਦੋ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਜਿਸ ਦਾ ਜਵਾਬ ਪੰਜਾਬ ਸਰਕਾਰ ਨੇ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਪਹਿਲਾ ਸਵਾਲ ਇਹ ਹੈ ਕਿ ਪਿਛਲੇ ਸਮੇਂ ਤੋਂ 4-4% ਦੀਆਂ ਜੋ DA ਦੀਆਂ ਕਿਸ਼ਤਾਂ ਬਕਾਇਆ ਹਨ, ਉਨ੍ਹਾਂ ਦੀ ਮਿਤੀ ਅਤੇ ਭੁਗਤਾਨ ਬਾਰੇ ਚਿੱਠੀ ਵਿੱਚ ਕੋਈ ਜ਼ਿਕਰ ਨਹੀਂ। ਚਿੱਠੀ ਵਿੱਚ ਸਤੰਬਰ 2026 ਤੋਂ ਡੀਏ ਦੇਣ ਦੀ ਗੱਲ ਹੀ ਕੀਤੀ ਗਈ ਹੈ।
ਕੇਵਲ ਢਿੱਲੋਂ ਨੇ ਕਿਹਾ ਕਿ ਦੂਜਾ ਸਵਾਲ ਇਹ ਵੀ ਹੈ ਡੀਏ ਦੇ ਪਿਛਲੇ ਬਕਾਇ ਬਾਰੇ ਵੀ ਇਸ ਚਿੱਠੀ ਵਿੱਚ ਕੋਈ ਸਪੱਸ਼ਟ ਫੈਸਲਾ ਜਾਂ ਜ਼ਿਕਰ ਨਹੀਂ ਕੀਤਾ ਗਿਆ। ਸਰਕਾਰ ਦੀ ਇਹ ਚਿੱਠੀ ਡੀਏ ਬਾਰੇ ਅਦਾਲਤ ਵਿੱਚ ਜਿੱਤੀ ਗਈ ਮੁਲਾਜ਼ਮਾਂ ਦੀ ਕਾਨੂੰਨੀ ਲੜਾਈ ਨੂੰ ਢਾਅ ਲਾਉਣ ਦੀ ਇੱਕ ਸਾਜਿਸ਼ ਤੋਂ ਵੱਧ ਕੁਝ ਨਹੀਂ ਹੈ। ਇਹ ਮੁਲਾਜ਼ਮਾਂ ਨਾਲ ਧੋਖਾ ਹੈ। ਇਹੀ ਕੁਝ ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਨਾਲ ਕਰਦੀ ਆਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਮੁਲਾਜ਼ਮਾਂ ਨੂੰ ਭਰੋਸਾ ਦਿੰਦੀ ਹੈ ਕਿ ਪੰਜਾਬ ਵਿੱਚ 2027 ਦੌਰਾਨ ਭਾਜਪਾ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦਾ ਡੀਏ ਜਾਰੀ ਕਰੇਗੀ, ਜਿਵੇਂ ਪੱਛਮੀ ਬੰਗਾਲ ਵਿੱਚ ਸਰਕਾਰ ਬਣਨ ਤੋਂ ਬਾਅਦ ਡੀਏ ਦਿੱਤਾ ਗਿਆ ਹੈ।
ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਸਾਢੇ ਚਾਰ ਸਾਲ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨ ਵਾਲੇ ਮੁੱਖ ਮੰਤਰੀ ਆਪਣੀ ਸਰਕਾਰ ਦੇ ਆਖ਼ਰੀ ਸਮੇਂ ਵਿੱਚ ਵੀ ਮੁਲਾਜ਼ਮਾਂ ਨਾਲ ਧੋਖਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਇਸ ਧੋਖੇ ਦਾ ਜਵਾਬ ਪੰਜਾਬ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਵੇਗੀ, ਇਸ ਦੌਰਾਨ ਸਾਰੇ ਹਿਸਾਬ ਪੂਰੇ ਕੀਤੇ ਜਾਣਗੇ।



