
ਚੰਡੀਗੜ੍ਹ, 28 ਜੁਲਾਈ
ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ ਅਤੇ ਮਹਿਲਾਵਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀ ਕਰਮਚਾਰੀਆਂ ਦਾ ਹਾਲ-ਚਾਲ ਪੁੱਛਣ ਪਹੁੰਚੇ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਦੇ ਰਵੱਈਏ ’ਤੇ ਤਿੱਖੇ ਨਿਸ਼ਾਨੇ ਸਾਧੇ ਅਤੇ 13 ਪੀੜਤਾਂ ਨੂੰ ਆਪਣੇ ਪੱਧਰ ‘ਤੇ ਇਲਾਜ ਲਈ ਪ੍ਰਤੀ ਪੀੜਿਤ ਦੱਸ ਹਜ਼ਾਰ – ਦੱਸ ਹਜ਼ਾਰ ਮਾਲੀ ਸਹਾਇਤਾ ਵੀ ਪ੍ਰਦਾਨ ਕੀਤੀ। ਇਸਤੋਂ ਪਹਿਲਾਂ ਉਹਨਾਂ ਨਗਰ ਨਿਗਮ ਵਿਖੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਦੇ ਧਰਨੇ ਵਿੱਚ ਵੀ ਹਾਜ਼ਰੀ ਲਵਾਈ ਅਤੇ ਸਫ਼ਾਈ ਕਰਮਚਾਰੀਆਂ ਨਾਲ ਡੱਟ ਕੇ ਖੜ੍ਹਨ ਦੇ ਭਰੋਸਾ ਦਿੱਤਾ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਲੋਕਤੰਤਰ ਵਿੱਚ ਧਰਨੇ-ਪ੍ਰਦਰਸ਼ਨਾਂ ਨੂੰ ਹਰੇਕ ਨਾਗਰਿਕ ਦਾ ਅਧਿਕਾਰ ਦੱਸਦੇ ਸਨ, ਪਰ ਅੱਜ ਉਨ੍ਹਾਂ ਦੇ ਰਾਜ ਵਿੱਚ ਆਪਣੇ ਹੱਕ ਮੰਗ ਰਹੀਆਂ ਗਰੀਬ ਮਾਵਾਂ-ਭੈਣਾਂ ਅਤੇ ਸਫ਼ਾਈ ਕਰਮਚਾਰੀਆਂ ’ਤੇ ਜ਼ਾਲਮਾਨਾ ਢੰਗ ਨਾਲ ਡਾਂਗਾਂ ਵਰ੍ਹਾਈਆਂ ਗਈਆਂ ਹਨ, ਜਿਸ ਨਾਲ ਕਈ ਕਰਮਚਾਰੀਆਂ ਦੇ ਸਿਰ ਪਾੜ ਦਿੱਤੇ, ਲੱਤਾਂ ਅਤੇ ਮੋਢੇ ਤੱਕ ਟੁੱਟ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦਾ ਅਹਿਮ ਕੰਮ ਕਰਦੇ ਹਨ ਅਤੇ ਇਹਨਾਂ ਮਿਹਨਤਕਸ਼ਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਘੱਟ ਹੈ, ਪਰ ਇਹ ਸਰਕਾਰ ਜਾਇਜ਼ ਮੰਗਾਂ ਮੰਨਣ ਦੀ ਥਾਂ ਲਾਠੀਆਂ ਚਲਾ ਰਹੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਾਲ 2022 ਵਿੱਚ ਅਰਵਿੰਦ ਕੇਜਰੀਵਾਲ ਨੇ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗਰੰਟੀ ਦਿੱਤੀ ਸੀ, ਪਰ ਐੱਮ.ਸੀ. ਚੋਣਾਂ ਵੇਲੇ ਵੀ ਸਰਕਾਰ ਨੇ ਇਹਨਾਂ ਨਾਲ ਧੋਖਾ ਕੀਤਾ। ਸਰਕਾਰ ਦਾ ਇਹ ਤਸ਼ੱਦਦ ਭਰਿਆ ਰਵੱਈਆ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਖੰਨੇ ਵਿਖੇ ਮਨਰੇਗਾ ਕਰਮਚਾਰੀਆਂ ਅਤੇ ਪਟਿਆਲਾ ਵਿਖੇ ਬੇਰੁਜ਼ਗਾਰਾਂ ’ਤੇ ਵੀ ਇਸੇ ਤਰ੍ਹਾਂ ਲਾਠੀਚਾਰਜ ਕੀਤਾ ਗਿਆ ਸੀ।
ਸਰਕਾਰ ਦੇ ‘ਸਿਹਤ ਕ੍ਰਾਂਤੀ’ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਜ਼ਖ਼ਮੀਆਂ ਨੂੰ ਯੋਗ ਇਲਾਜ ਤੱਕ ਨਹੀਂ ਮਿਲ ਰਿਹਾ। ਹਸਪਤਾਲਾਂ ਵਿੱਚ ਐਕਸ-ਰੇ ਮਸ਼ੀਨਾਂ ਬੰਦ ਪਈਆਂ ਹਨ ਅਤੇ ਡਾਕਟਰਾਂ ਦੀ ਭਾਰੀ ਘਾਟ ਕਾਰਨ ਮਰੀਜ਼ਾਂ ਨੂੰ ਖੁਆਰ ਹੋਣਾ ਪੈ ਰਿਹਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਗਵਰਨਰ ਨਾਲ ਵੀ ਮੁਲਾਕਾਤ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਹਰ ਫਰੰਟ ‘ਤੇ ਸਫਾਈ ਸੇਵਕਾਂ ਦੇ ਨਾਲ ਖੜੀ ਹੈ। ਉਹਨਾਂ ਮੰਗ ਕੀਤੀ ਕਿ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ, ਕਰਮਚਾਰੀਆਂ ’ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀ ਅਧਿਕਾਰੀਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪ੍ਰਦਰਸ਼ਨਕਾਰੀਆਂ ‘ਤੇ ਜ਼ੁਲਮ ਢਾਹੁਣ ਦੀ ਬਜਾਏ ਪਹਿਲ ਦੇ ਆਧਾਰ ‘ਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਵੱਲੋਂ ਕੀਤੇ ਜਾ ਰਹੇ ਇੱਕ-ਇੱਕ ਅੱਤਿਆਚਾਰ ਅਤੇ ਡੰਡੇ ਦਾ ਹਿਸਾਬ-ਕਿਤਾਬ ਲੈਣਗੇ। ਇਮ