

*ਜਲੰਧਰ: 28 ਸਤੰਬਰ*
‘‘ਮੇਰੇ ਦੋ ਪੁੱਤ ਨਸ਼ਿਆਂ ਨਾਲ ਮਾਰੇ ਗਏ, ਪਤਨੀ ਦੀ ਵੀ ਮੌਤ ਹੋ ਚੁੱਕੀ ਹੈ, ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ, ਨਾ ਮੇਰੇ ਕੋਈ ਅੱਗੇ ਰਿਹਾ, ਨਾ ਪਿੱਛੇ, ਮੈਂ ਗੁਰਦੁਆਰੇ ਵਿੱਚ ਰਾਤਾਂ ਕੱਟ ਰਿਹਾਂ ਹਾਂ। ਪਤਾ ਨਹੀਂ ਮੇਰੀ ਮੌਤ ਉੱਤੇ ਚਿਤਾ ਨੂੰ ਲਾਂਬੂ ਕੌਣ ਲਾਵੇਗਾ।‘’ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਜਲੰਧਰ ਜ਼ਿਲ੍ਹੇ ਦੇ ਬਿਲਗਾ ਦੇ ਰਮੇਸ਼ ਦਾ ਰੋਣਾ ਨਹੀਂ ਰੁਕ ਰਿਹਾ ਸੀ।
ਰਮੇਸ਼ ਵਰਗੀ ਹੀ ਦਾਸਤਾਂ ਜਲੰਧਰ ਦੇ ਤਿਲਕ ਨਗਰ ਦੀ ਇੱਕ ਹੋਰ ਬੀਬੀ ਨੇ ਵੀ ਸੁਣਾਈ, ਉਨ੍ਹਾਂ ਦੱਸਿਆ ਮੇਰੇ ਦੋ ਮੁੰਡੇ ਨਸ਼ੇ ਨਾਲ ਮਰ ਚੁੱਕੇ ਹਨ। ਇੱਕ ਜਦੋਂ ਮੁੰਡਾ ਮਰਿਆ ਤਾਂ ਉਸ ਦੀ ਪਤਨੀ ਤੇ ਬੱਚਾ ਘਰ ਛੱਡ ਕੇ ਚਲੇ ਗਏ, ਦੂਜੇ ਦੀਆਂ ਦੋ ਜਨਾਨੀਆਂ ਅਤੇ ਦੋ ਬੱਚੇ ਸਨ ਉਹ ਵੀ ਚਲੇ ਗਏ। ਘਰ-ਬਾਰ ਇਨ੍ਹਾਂ ਨੇ ਵੇਚ ਦਿੱਤਾ, ਤਿਲਕ ਨਗਰ ਵਿੱਚ ਹਰ ਮੁਹੱਲੇ ਵਿੱਚ ਨਸ਼ਾ ਹੈ, ਪੁਲਿਸ ਵੀ ਨਸ਼ਾ ਵੇਚਣ ਵਾਲਿਆਂ ਕੋਲ ਵਿਕਾਊ ਹੈ।
ਰਮੇਸ਼ ਤੇ ਤਿਲਕ ਨਗਰ ਵਾਲੀ ਇਹ ਬੀਬੀ ਉਨ੍ਹਾਂ ਨਸ਼ੇ ਕਾਰਨ ਉੱਜੜੇ ਡੇਢ ਦਰਜਨ ਤੋਂ ਵੱਧ ਲੋਕਾਂ ਵਿੱਚੋਂ ਸਨ, ਜਿਨ੍ਹਾਂ ਦੀ ਦੁੱਖਭਰੀ ਅਵਾਜ਼ ਨੂੰ ਸਾਂਝਾ ਕਰਨ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸਟੇਟ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਮੀਡੀਆ ਦੇ ਰੂਬਰੂ ਕੀਤਾ ਸੀ।
ਭਾਰਤੀ ਜਨਤਾ ਪਾਰਟੀ ਵਲੋਂ 18 ਸਤੰਬਰ ਤੋਂ ਚਾਰ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਜਿਨ੍ਹਾਂ ਦੀ 30 ਸਤੰਬਰ ਨੂੰ ਸਮਾਪਤੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਵਿੱਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ। ਇਨ੍ਹਾਂ ਯਾਤਰਾਵਾਂ ਦੇ ਦੌਰਾਨ ਹੀ ਪੰਜਾਬ ਭਾਜਪਾ ਵਲੋਂ ਵੱਖ-ਵੱਖ ਥਾਵਾਂ ਉੱਤੇ ਪ੍ਰੈਸ ਕਾਨਫਰੰਸਾਂ ਕਰ ਕੇ ਨਸ਼ੇ ਕਾਰਨ ਉੱਜੜੇ ਲੋਕਾਂ ਦੀ ਅਵਾਜ਼ ਨੂੰ ਮੀਡੀਆ ਰਾਹੀਂ ਚੁੱਕਿਆ ਜਾ ਰਿਹਾ ਹੈ।
👉 *‘ਨਸ਼ਾ ਬੰਦ ਕਰਨ ਦੀ ਬਜਾਇ, ਆਵਾਜ਼ ਬੰਦ ਕੀਤੀ ਜਾ ਰਹੀ’ : ਕੇਵਲ ਢਿੱਲੋਂ*
ਨਸ਼ਾ ਪੀੜ੍ਹਤ ਪਰਿਵਾਰਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਦਰਦ ਸੁਣ ਕੇ ਹੀ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤਿੱਖੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਦੀ ਨੀਤੀ “ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣਾ” ਵਾਲੀ ਬਣ ਗਈ ਹੈ। ਪੰਜਾਬ ਵਿੱਚ ਨਸ਼ਾ ਬੰਦ ਕਰਨ ਦੀ ਬਜਾਏ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਸਿਰਫ਼ ਸਿਆਸੀ ਯਾਤਰਾ ਵਜੋਂ ਨਾ ਦੇਖਿਆ ਜਾਵੇ। ਇਹ ਲੋਕਾਂ ਦੀ ਆਵਾਜ਼ ਅਤੇ ਇੱਕ ਲੋਕ ਅੰਦੋਲਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 2029 ਤੱਕ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਉੱਤੇ ਨਸ਼ਿਆਂ ਨੂੰ 2 ਸਾਲ ਦੇ ਅੰਦਰ ਜੜ੍ਹੋਂ ਖ਼ਤਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਖ ਮੁੱਦੇ ਨਸ਼ਾ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਕਾਨੂੰਨ-ਵਿਵਸਥਾ, ਉਦਯੋਗ ਅਤੇ ਰੁਜ਼ਗਾਰ ਹਨ। ਨਸ਼ਿਆਂ ਨਾਲ ਉੱਜੜੇ ਪਰਿਵਾਰਾਂ ਦੇ ਪੁਨਰਵਾਸ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨਸ਼ਾ ਖ਼ਤਮ ਕਰਨ ਦੇ ਨਾਲ ਨੌਜ਼ਵਾਨਾਂ ਦੇ ਮੁੜ-ਵਸੇਬੇ ਉੱਤੇ ਖਾਸ ਧਿਆਨ ਦੇਵੇਗੀ।
ਢਿੱਲੋਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਲੋਕਾਂ ਦੀ ਆਵਾਜ਼ ਦਬਣੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਰਕਾਰ ਦੀ ਮਨਸ਼ਾ ਹੋਵੇ ਤਾਂ ਨਸ਼ਿਆਂ ਅਤੇ ਅਪਰਾਧ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਉੱਤਰ ਪ੍ਰਦੇਸ਼ ਵਿੱਚ ਗੈਂਗਸਟਰਵਾਦ ਅਤੇ ਮੱਧ ਪ੍ਰਦੇਸ਼ ਵਿੱਚ ਚੰਬਲ ਦੇ ਡਾਕੂਆਂ ਵਿਰੁੱਧ ਕਾਰਵਾਈ ਕਰਕੇ ਭਾਜਪਾ ਸਰਕਾਰਾਂ ਨੇ ਹਾਲਾਤ ਬਦਲੇ ਹਨ ਉਵੇਂ ਹੀ ਪੰਜਾਬ ਵਿੱਚ ਵੀ ਨਸ਼ਿਆਂ ਵਿਰੁੱਧ ਇਸੇ ਤਰ੍ਹਾਂ ਸਖ਼ਤ ਕਦਮ ਚੁੱਕੇ ਜਾਣਗੇ।
👉*ਨਸ਼ੇ ਕਾਰਨ ਉੱਜੜੇ ਪਰਿਵਾਰਾਂ ਦੀ ਹੱਡਬੀਤੀ*
*ਤਿਲਕ ਨਗਰ ਦੀ ਸੱਤਿਆ ਦੇਵੀ ਨੇ* ਆਪਣੀ ਹੱਡਬੀਤੀ ਸਾਂਝੀ ਕਰਦਿਆਂ ਕਿਹਾ, “ਸਾਨੂੰ ਇੱਥੇ ਬੁਲਾਉਣ ਲਈ ਧੰਨਵਾਦ। ਸਾਡੇ ਘਰ ਤਾਂ ਉੱਜੜ ਗਏ ਹਨ, ਪਰ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਦਾ ਘਰ ਵੀ ਉੱਜੜੇ। ਰੋਟੀ ਭਾਵੇਂ ਨਾ ਮਿਲੇ, ਪਰ ਸਾਨੂੰ ਇਸ ਨਸ਼ੇ ਤੋਂ ਛੁਟਕਾਰਾ ਚਾਹੀਦਾ ਹੈ। ਮੇਰੇ ਘਰ ਵਿੱਚ ਇੱਕ ਬਿਮਾਰ ਹੈ ਤੇ ਮੈਨੂੰ ਡਰ ਹੈ ਕਿ ਦੂਜਾ ਵੀ ਨਸ਼ਿਆਂ ਵਿੱਚ ਨਾ ਪੈ ਜਾਵੇ। ਮੈਂ ਚਾਹੁੰਦੀ ਹਾਂ ਕਿ ਨਸ਼ੇ ਦੀਆਂ ਫੈਕਟਰੀਆਂ ਬੰਦ ਹੋਣ ਤਾਂ ਜੋ ਹੋਰ ਮਾਵਾਂ ਨੂੰ ਸਾਡਾ ਦੁੱਖ ਨਾ ਦੇਖਣਾ ਪਵੇ।”
*ਇਸੇ ਤਰ੍ਹਾਂ ਪੁਸ਼ਪਾ ਦਾ ਕਹਿਣ ਸੀ*, “ਮੇਰਾ ਪੁੱਤ ਨਸ਼ਾ ਕਰਦਾ ਹੈ। ਮੈਂ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਤਾਂ ਜੋ ਉਸ ਦਾ ਇਲਾਜ ਹੋ ਸਕੇ। ਹੁਣ ਉਹ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹੈ। ਉਸ ਨੂੰ ਟੀਬੀ ਵੀ ਹੋ ਗਈ ਹੈ। ਘਰ ਵਿੱਚ ਅਸੀਂ ਦੋ ਜਣੇ ਹੀ ਹਾਂ। ਮੈਨੂੰ ਕੋਈ ਜਾਇਦਾਦ ਜਾਂ ਪੈਸਾ ਨਹੀਂ ਚਾਹੀਦਾ। ਮੈਨੂੰ ਸਿਰਫ਼ ਮੇਰਾ ਬੱਚਾ ਠੀਕ ਚਾਹੀਦਾ ਹੈ।”
ਜਲੰਧਰ ਪਿੰਡ ਬਿਲਗਾ ਦੀ ਦੇਬੋ ਨੇ ਦੱਸਿਆ,“ਮੇਰਾ ਪੁੱਤ ਨਸ਼ਾ ਕਰਦਾ ਸੀ ਤੇ ਆਖ਼ਰਕਾਰ ਨਸ਼ੇ ਨੇ ਉਸ ਦੀ ਜਾਨ ਲੈ ਲਈ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਮੇਰੀ ਵਹੁਟੀ ਵੀ ਘਰ ਛੱਡ ਕੇ ਚਲੀ ਗਈ। ਨਸ਼ੇ ਨੇ ਮੇਰਾ ਪੂਰਾ ਪਰਿਵਾਰ ਉਜਾੜ ਦਿੱਤਾ।”
*ਜਲੰਧਰ ਦੀ ਹੀ ਗਿਆਨ ਕੌਰ ਨੇ* ਦੱਸਿਆ,“ਮੇਰਾ ਪੁੱਤ ਰਵੀ ਕੁਮਾਰ ਸੀ। ਜੋ ਕੁਝ ਵੀ ਅਸੀਂ ਬਣਾਇਆ ਸੀ, ਉਹ ਹੌਲੀ-ਹੌਲੀ ਵੇਚਦਾ ਗਿਆ। ਮੇਰਾ ਘਰ ਵਾਲਾ ਵੀ ਸ਼ਰਾਬ ਦਾ ਆਦੀ ਸੀ ਤੇ ਉਹ ਵੀ ਮਰ ਗਿਆ। ਹੁਣ ਮੇਰਾ ਇੱਕ ਪੁੱਤ ਅਲੱਗ ਹੈ ਤੇ ਮੈਂ ਇੱਥੇ ਇਕੱਲੀ ਰਹਿ ਗਈ ਹਾਂ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੇ ਜਾਵਾਂ ਤੇ ਕੀ ਕਰਾਂ। ਸਾਡੀ ਬਰਬਾਦੀ ਹੋ ਗਈ ਹੈ। ਅੱਜ ਘੱਟੋ-ਘੱਟ ਕਿਸੇ ਨੇ ਸਾਡੀ ਆਵਾਜ਼ ਤਾਂ ਉਠਾਈ ਹੈ।”
*ਇੱਕ ਹੋਰ ਪੀੜਤਾ ਸ਼ਮਾ* ਨੇ ਦੱਸਿਆ,“ਮੇਰਾ ਪੁੱਤ ਵੰਸ਼ ਚਿੱਟੇ ਦਾ ਨਸ਼ਾ ਕਰਦਾ ਹੈ। ਮੇਰਾ ਘਰ ਵਾਲਾ ਵੀ ਸ਼ਰਾਬੀ ਹੈ ਤੇ ਉਸ ਨੇ ਕਦੇ ਕੰਮ ਨਹੀਂ ਕੀਤਾ। ਹੁਣ ਪੁੱਤ ਵੀ ਨਸ਼ੇ ਵਿੱਚ ਫਸ ਗਿਆ ਹੈ। ਜਿਹੜੇ ਮੁੰਡੇ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਪੁਲਿਸ ਵਾਲੇ ਨਹੀਂ ਛੱਡਦੇ। ਮੈਂ ਪੁਲਿਸ ਨੂੰ ਕਿਹਾ ਹੈ ਕਿ ਇਸ ਸਮੱਸਿਆ ਵੱਲ ਧਿਆਨ ਦੇਣ। ਸਾਨੂੰ ਪਤਾ ਹੈ ਕਿ ਵੱਡੀਆਂ ਕੋਠੀਆਂ ਵਾਲੇ ਵੀ ਨਸ਼ਾ ਵੇਚਦੇ ਹਨ, ਪਰ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ। ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ ਅਤੇ ਮੇਰਾ ਪੁੱਤ ਰੋਜ਼ ਸੈਂਕੜੇ ਰੁਪਏ ਦਾ ਨਸ਼ਾ ਕਰਦਾ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਇਹ ਨਸ਼ਾ ਬੰਦ ਹੋਵੇ।”



