ਜਲੰਧਰ (29 ਅਪ੍ਰੈਲ 2026): ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਖੇ ‘ਮਿਸ਼ਨ ਏਡਜ਼ ਸੁਰੱਖਿਆ’ ਅਤੇ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ (ਐਨ.ਏ.ਸੀ.ਪੀ.) ਫੇਜ਼-V ਤਹਿਤ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਨਾਲ ਸਮੂਹ ਸਟਾਫ ਨੇ ਆਪਣੇ ਜਿਲ੍ਹੇ ਨੂੰ ਐਚ.ਆਈ.ਵੀ. ਅਤੇ ਏਡਜ਼ ਤੋਂ ਸੁਰੱਖਿਅਤ ਬਣਾਉਣ ਲਈ ਸਹੁੰ ਵੀ ਚੁੱਕੀ। ਮੀਟਿੰਗ ਦੌਰਾਨ ਆਈ.ਸੀ.ਟੀ.ਸੀ., ਏ.ਆਰ.ਟੀ., ਓ.ਐਸ.ਟੀ., ਐਸ.ਐਸ.ਕੇ., ਸੀ.ਐਸ.ਸੀ. ਅਤੇ ਟੀ.ਆਈ. ਪ੍ਰੋਜੈਕਟਾਂ ਦੇ ਕੰਮ ਦਾ ਜਾਇਜਾ ਲਿਆ ਗਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਮੰਤਵ 1 ਦਸੰਬਰ 2026 ਤੱਕ ਐਚ.ਆਈ.ਵੀ. ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਰੋਕਥਾਮ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਪਾਅ ਕਰਨਾ ਹੈ। ਇਸ ਮੰਤਵ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ 95:95:99 ਟੀਚਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੇ ਦੱਸਿਆ ਕਿ ਇਸ ਮਿਸ਼ਨ ਤਹਿਤ ਇਹ ਯਕੀਨੀ ਬਣਾਉਣਾ ਹੈ ਕਿ 95% ਪੀੜਤ ਵਿਅਕਤੀ ਆਪਣੀ ਸਥਿਤੀ ਬਾਰੇ ਜਾਣੂ ਹੋਣ, 95% ਦਾ ਇਲਾਜ (ਏ.ਆਰ.ਟੀ.) ਜਾਰੀ ਹੋਵੇ ਅਤੇ 99% ਮਰੀਜ਼ਾਂ ਵਿੱਚ ਵਾਇਰਸ ਦਾ ਪ੍ਰਭਾਵ ਨਾਮਾਤਰ ਰਹਿ ਜਾਵੇ। ਸਿਵਲ ਸਰਜਨ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਇਸ ਤੋਂ ਇਲਾਵਾ, ਮਾਂ ਤੋਂ ਬੱਚੇ ਵਿੱਚ ਐਚ.ਆਈ.ਵੀ., ਸਿਫਿਲਿਸ ਅਤੇ ਹੈਪੇਟਾਈਟਸ-ਬੀ ਦੇ ਪ੍ਰਸਾਰ ਨੂੰ ਰੋਕ ਕੇ ‘ਜ਼ੀਰੋ ਟ੍ਰਾਂਸਮਿਸ਼ਨ’ ਦੇ ਟੀਚੇ ਨੂੰ ਹਾਸਲ ਕਰਨਾ ਵੀ ਇਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੈ।
ਡਾ. ਗਰਗ ਨੇ ਦੱਸਿਆ ਕਿ ਪੰਜਾਬ ਵਰਗੇ ਸੂਬੇ ਵਿੱਚ, ਜਿੱਥੇ ਇੰਜੈਕਸ਼ਨ ਰਾਹੀਂ ਨਸ਼ਾ ਲੈਣ ਵਾਲੇ ਮਰੀਜ਼ਾਂ ਨੂੰ ਐਚ.ਆਈ.ਵੀ ਹੋਣ ਦਾ ਖਤਰਾ ਰਹਿੰਦਾ ਹੈ, ਉੱਥੇ ਇਨ੍ਹਾਂ ਟੀਚਿਆਂ ਪ੍ਰਤੀ ਸਜਗ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਟਾ ਦੀ ਸ਼ੁੱਧਤਾ ਅਤੇ ਮਰੀਜ਼ਾਂ ਦੇ ਇਲਾਜ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ 2026 ਤੱਕ ਇੱਕ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ (ਡੀ.ਐਮ.ਸੀ.) ਡਾ. ਜਸਵਿੰਦਰ, ਜਿਲ੍ਹਾ ਟੀ.ਬੀ. ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਕਲਸਟਰ ਪ੍ਰੋਗਰਾਮ ਮੈਨੇਜਰ (ਸੀ.ਪੀ.ਐਮ.) ਲਕਸ਼ਮੀ ਰਾਣੀ, ਕਲੀਨਿਕਲ ਸਰਵਿਸ ਅਫਸਰ (ਸੀ.ਐਸ.ਓ.) ਦੀਪਕ ਕੁਮਾਰ, ਕਲਸਟਰ ਪ੍ਰੋਗਰਾਮ ਅਫ਼ਸਰ (ਸੀ.ਪੀ.ਓ.) ਜੀਵਨਦੀਪ ਸਿੰਘ ਅਤੇ ਡਾਟਾ ਮੋਨੀਟਰਿੰਗ ਅਫ਼ਸਰ ਰਣਦੀਪ ਕੌਰ ਮੌਜੂਦ ਸਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰ, ਏ.ਆਰ.ਟੀ./ਓ.ਐਸ.ਟੀ. ਕੇਂਦਰਾਂ ਦੇ ਮੈਡੀਕਲ ਅਫ਼ਸਰ ਅਤੇ ਨਿਜੀ ਹਸਪਤਾਲਾਂ ਦੇ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।