

ਚੰਡੀਗੜ੍ਹ, 27 ਅਗਸਤ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਤਾ ਦਾ ਹੰਕਾਰ ਛੱਡ ਕੇ ਪੰਜਾਬ ਦੇ ਲੱਖਾਂ ਮੁਲਾਜਮਾਂ ਤੇ ਪੈਨਸ਼ਨਰਾਂ ਦੀ ਗੱਲ ਸੁਣਨ ਦੀ ਸਲਾਹ ਦਿੱਤੀ ਹੈ।
ਇਸ ਸਬੰਧੀ ਉਨ੍ਹਾਂ ਨੇ ਇਕ ਸੋ਼ਸ਼ਲ ਮੀਡੀਆ ਤੇ ਸਾਂਝੇ ਕੀਤੇ ਆਪਣੇ ਸੁਨੇਹੇ ਵਿਚ ਲਿਖਿਆ ਹੈ ਕਿ “ਇੱਕ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦਾ ਉਲੰਘਣ ਕਰਕੇ ਮਾਨਯੋਗ ਅਦਾਲਤ ਦੀ ਅਵਗਿਆ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦੇ ਬਣਦੇ ਡੀਏ ਦਾ ਹੱਕ ਦੇਣ ਦੀ ਬਜਾਏ ਸਰਕਾਰ ਵੱਲੋਂ ਉਨ੍ਹਾਂ ਨੂੰ ਹੀ ਧਮਕਾਇਆ ਜਾ ਰਿਹਾ ਹੈ।।
ਮੁੱਖ ਮੰਤਰੀ ਭਗਵੰਤ ਮਾਨ ਜੀ, ਕੀ ਇਸ ਨੂੰ ਹੀ “ਨਾਲੇ ਚੋਰੀ ਨਾਲੇ ਸੀਨਾ ਜੋਰੀ” ਨਹੀਂ ਆਖਦੇ ? ਯਾਦ ਰੱਖਿਓ ਹੰਕਾਰ ਦਾ ਅੰਤ ਬੁਰਾ ਹੁੰਦਾ ਹੈ।“
ਸੁਨੀਲ ਜਾਖੜ ਨੇ ਕਿਹਾ ਕਿ ਮੁਲਾਜਮਾਂ ਜਿਸ ਕਾਨੂੰਨੀ ਹੱਦ ਦੀ ਮੰਗ ਕਰ ਰਹੇ ਹਨ ਉਸਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਜਾਇਜ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਾਜਮਾਂ ਨੂੰ ਸਰਕਾਰ ਵੱਲੋਂ ਹੜ੍ਹਤਾਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰੀ ਮੁਲਾਜਮ ਤੇ ਪੈਨਸ਼ਨਰ ਹੀ ਹਨ ਜਿੰਨ੍ਹਾਂ ਨੇ ਆਪਣੀ ਉਮਰ ਦੇ ਮਹੱਤਵਪੂਰਨ ਸਾਲ ਸਰਕਾਰ ਨੂੰ ਦੇਕੇ ਪੰਜਾਬ ਦੇ ਨਿਰਮਾਣ ਵਿਚ ਅਹਿਮ ਭੁਮਿਕਾ ਨਿਭਾਈ ਹੈ ਜਦ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਬਣਦੇ ਹੱਕ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਕਿਹਾ, ਭਗਵੰਤ ਮਾਨ ਸਰਕਾਰ ਆਪਣੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ ਖਜਾਨੇ ਦਾ ਸਹੀ ਪ੍ਰਬੰਧਨ ਕਰਨ ਵਿਚ ਨਾਕਾਮ ਰਹੀ ਤੇ ਸਰਕਾਰ ਦਾ ਪੈਸਾ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਪਾਰਟੀ ਦੇ ਪ੍ਰਚਾਰ ਕਰਨ ਦੇ ਲੁਕਵੇਂ ਏਂਜਡੇ ਤਹਿਤ ਖਰਚ ਕਰ ਦਿੱਤਾ ਗਿਆ। ਜਦ ਕਿ ਮੁਲਾਜਮਾਂ ਨੂੰ ਉਨ੍ਹਾਂ ਦੇ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਭਗਵੰਤ ਮਾਨ ਆਪਣਾ ਹੰਕਾਰ ਛੱਡ ਕੇ ਮੁਲਾਜਮਾਂ ਦੀ ਗੱਲ ਸੁਣਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜਮਾਂ ਦੀ ਗੱਲ ਸੁਣਦੀ ਤਾਂ ਉਹ ਹੜਤਾਲ ਕਿਉਂ ਕਰਦੇ।
ਸੁਨੀਲ ਜਾਖੜ ਨੇ ਨਾਲ ਹੀ ਕਿਹਾ ਕਿ ਜਲਦ ਹੀ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਪਹਿਲ ਦੇ ਅਧਾਰ ਤੇ ਮੁਲਾਜਮਾਂ ਦੇ ਸਾਰੇ ਬਕਾਏ ਜਾਰੀ ਕੀਤੇ ਜਾਣਗੇ।



