
ਜਲੰਧਰ (05.03.2026) ਸਿਹਤ ਵਿਭਾਗ ਵੱਲੋਂ 14 ਸਾਲ ਦੀਆਂ ਕੁੜੀਆਂ ਲਈ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸਰਵਾਈਕਲ ਕੈਂਸਰ ਨੂੰ ਰੋਕਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਵੀਰਵਾਰ ਨੂੰ ਸਿਵਲ ਹਸਪਤਾਲ ਦੇ ਐਮ.ਸੀ.ਐਚ. ਸੈਂਟਰ ਵਿਖੇ ਐੱਚਪੀਵੀ ਮੁਹਿੰਮ ਦਾ ਜਾਇਜਾ ਲਿਆ ਗਿਆ ਅਤੇ ਸਿਹਤ ਸਟਾਫ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਮੌਜੂਦ ਸਨ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਵਾਈਕਲ ਕੈਂਸਰ ਮਨੁੱਖੀ ਪੈਪੀਲੋਮਾਵਾਇਰਸ (HPV) ਦੇ ਲਗਾਤਾਰ ਇਨਫੈਕਸ਼ਨ ਕਾਰਨ ਹੁੰਦਾ ਹੈ। ਮਨੁੱਖੀ ਪੈਪੀਲੋਮਾਵਾਇਰਸ (HPV) ਕਾਰਨ ਹੋਣ ਵਾਲਾ ਸਰਵਾਈਕਲ ਕੈਂਸਰ, ਇੱਕੋ ਇੱਕ ਅਜਿਹਾ ਕੈਂਸਰ ਹੈ ਜਿਸਨੂੰ ਸਮੇਂ ਸਿਰ ਟੀਕਾਕਰਨ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ। ਇਸ 90 ਦਿਨਾਂ ਮੁਹਿੰਮ ਦੌਰਾਨ ਟੀਕਾਕਰਨ ਲਈ 14 ਸਾਲ ਦੀ ਉਮਰ ਦੀਆਂ ਲੜਕੀਆਂ ਯੋਗ ਹੋਣਗੀਆਂ ਅਤੇ ਮੁਹਿੰਮ ਦੀ ਸ਼ੁਰੂਆਤ ਤੋਂ 90 ਦਿਨਾਂ ਦੇ ਅੰਦਰ 15 ਸਾਲ ਦੀਆਂ ਹੋਣ ਵਾਲੀਆਂ ਲੜਕੀਆਂ ਵੀ ਇਸ ਤਿੰਨ ਮਹੀਨਿਆਂ ਦੀ ਤੀਬਰ ਮੁਹਿੰਮ ਲਈ ਯੋਗ ਹੋਣਗੀਆਂ। ਲੜਕੀਆਂ ਨੂੰ ਟੀਕਾਕਰਨ ਤੋਂ ਪਹਿਲਾਂ ਖਾਲੀ ਪੇਟ ਨਹੀਂ ਹੋਣਾ ਚਾਹੀਦਾ।
ਸਿਵਲ ਸਰਜਨ ਨੇ ਦੱਸਿਆ ਕਿ ਐੱਚਪੀਵੀ ਟੀਕਾਕਰਣ ਮੁਹਿੰਮ ਦਾ ਉਦੇਸ਼ ਕੁੜੀਆਂ ਨੂੰ ਐੱਚਪੀਵੀ ਸੰਕ੍ਰਮਣ ਦੇ ਸੰਭਾਵੀ ਜੋਖਮ ਤੋਂ ਪਹਿਲਾਂ ਉਨ੍ਹਾਂ ਦੀ ਰੱਖਿਆ ਕਰਕੇ ਸਰਵਾਈਕਲ ਕੈਂਸਰ ਨੂੰ ਰੋਕਣਾ ਹੈ। ਐੱਚਪੀਵੀ ਟੀਕਾਕਰਨ ਇੱਕ ਸ਼ਕਤੀਸ਼ਾਲੀ ਰੋਕਥਾਮ ਉਪਾਅ ਹੈ ਜੋ ਧੀਆਂ ਲਈ ਇੱਕ ਸਿਹਤਮੰਦ ਅਤੇ ਕੈਂਸਰ-ਮੁਕਤ ਭਵਿੱਖ ਨੂੰ ਯਕੀਨੀ ਬਣਾਉਂਦਾ ਹੈ। ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਸਰਵਾਈਕਲ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਲਈ ਜ਼ਿੰਮੇਵਾਰ ਐੱਚਪੀਵੀ ਸਟ੍ਰੇਨ ਦੇ ਵਿਰੁੱਧ ਲੰਬੇ ਸਮੇਂ ਤੱਕ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਮੁਹਿੰਮ ਦੀ ਮਿਆਦ ਦੌਰਾਨ ਆਪਣੇ ਖੇਤਰ ਦੀਆਂ ਏਐਨਐਮਜ਼ ਅਤੇ ਆਸ਼ਾ ਵਰਕਰਾਂ ਨਾਲ ਸੰਪਰਕ ਕਰਕੇ ਆਪਣੀਆਂ 14 ਸਾਲ ਦੀਆਂ ਧੀਆਂ ਦਾ ਐੱਚਪੀਵੀ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਹ ਟੀਕਾ ਸਰਕਾਰੀ ਸਿਹਤ ਸੰਸਥਾਵਾਂ ਜਿਲ੍ਹਾ ਹਸਪਤਾਲ, ਸਬ-ਡਿਵੀਜਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਮੁਫ਼ਤ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਕਿਰਨ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਐਲਚਵੀ ਨੀਨਾ, ਏਐਨਐਮ ਪੂਨਮ ਅਤੇ ਏਐਨਐਮ ਮਨਦੀਪ ਮੌਜੂਦ ਸਨ।