Sliderपंजाब

ਭਿਅੰਕਰ ਗਰਮੀ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਸਿਹਤ ਵਿਭਾਗ ਅਲਰਟ ਮੋਡ ‘ਤੇ

ਜਲੰਧਰ, (19 ਮਈ 2026) – ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 18 ਤੋਂ 24 ਮਈ ਤੱਕ ‘ਹੀਟ ਵੇਵ’ (ਲੂ) ਚੱਲਣ ਅਤੇ ਜ਼ਿਲ੍ਹੇ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੇ ਮੱਦੇਨਜ਼ਰ ਸਿਹਤ ਵਿਭਾਗ ਜਲੰਧਰ ਵੱਲੋਂ ਆਮ ਜਨਤਾ ਦੀ ਸੁਰੱਖਿਆ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ‘ਹੀਟ ਸਟ੍ਰੋਕ’ (ਲੂ ਲੱਗਣ) ਦਾ ਖ਼ਤਰਾ ਬਹੁਤ ਵਧ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਪਣੀ ਦਿਨ ਦੀਆਂ ਗਤੀਵਿਧੀਆਂ ਵਿੱਚ ਬਦਲਾਅ ਕਰਦੇ ਹੋਏ ਦੁਪਹਿਰ ਵੇਲੇ ਬੇਲੋੜਾ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਜ਼ਰੂਰੀ ਕੰਮ ਸਵੇਰੇ ਜਾਂ ਸ਼ਾਮ ਦੇ ਸਮੇਂ ਹੀ ਨਿਪਟਾਉਣੇ ਚਾਹੀਦੇ ਹਨ।
ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ (ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ ਅਤੇ ਸੀ.ਐਚ.ਸੀ.) ਵਿੱਚ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਤੁਰੰਤ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਸਪਤਾਲਾਂ ਵਿੱਚ ਐਮਰਜੈਂਸੀ ਕੂਲਿੰਗ ਉਪਾਅ (ਏ.ਸੀ./ਕੂਲਰ) ਅਤੇ ਲੋੜੀਂਦੀਆਂ ਦਵਾਈਆਂ ਦੀ ਉਪਲਬਤਾ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਥਰਮਾਮੀਟਰ, ਬਰਫ਼ ਦੇ ਪੈਕ (Ice Packs) ਅਤੇ ਓ.ਆਰ.ਐਸ. (ORS) ਦੇ ਪੈਕੇਟਾਂ ਨਾਲ ਲੈਸ ਕਰ ਦਿੱਤਾ ਗਿਆ ਹੈ ਤਾਂ ਜੋ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਲਿਆਉਂਦੇ ਸਮੇਂ ਰਸਤੇ ਵਿੱਚ ਹੀ ਤੁਰੰਤ ਰਾਹਤ ਦਿੱਤੀ ਜਾ ਸਕੇ।
ਸਿਵਲ ਸਰਜਨ ਨੇ ਹੀਟ ਸਟ੍ਰੋਕ ਦੇ ਲੱਛਣਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਿਰਦਰਦ, ਚੱਕਰ ਆਉਣਾ, ਉਲਟੀ, ਬੇਚੈਨੀ, ਸ਼ਰੀਰ ਦਾ ਤਾਪਮਾਨ ਅਚਾਨਕ ਵਧਣਾ, ਚਿਹਰਾ ਲਾਲ ਹੋਣਾ ਜਾਂ ਬੇਹੋਸ਼ੀ ਆਉਣਾ ਇਸ ਦੇ ਮੁੱਖ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਮਰੀਜ਼ ਨੂੰ ਤੁਰੰਤ ਛਾਂਦਾਰ ਜਾਂ ਠੰਡੀ ਜਗ੍ਹਾ ‘ਤੇ ਲੈ ਕੇ ਜਾਣਾ ਚਾਹੀਦਾ ਹੈ, ਉਸ ਦੇ ਤੰਗ ਕੱਪੜੇ ਢਿੱਲੇ ਕਰਕੇ ਠੰਡੇ ਪਾਣੀ ਦੀਆਂ ਪੱਟੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਤੁਰੰਤ ਨੇੜਲੇ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਕਿ ਬੇਹੋਸ਼ੀ ਦੀ ਹਾਲਤ ਵਿੱਚ ਮਰੀਜ਼ ਦੇ ਮੂੰਹ ਵਿੱਚ ਕੋਈ ਵੀ ਤਰਲ ਪਦਾਰਥ ਨਾ ਪਾਇਆ ਜਾਵੇ।
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਦੁਪਹਿਰ ਵੇਲੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੋਵੇ, ਤਾਂ ਸਿਰ ਨੂੰ ਹਮੇਸ਼ਾ ਕੱਪੜੇ, ਪੱਗ ਜਾਂ ਟੋਪੀ ਨਾਲ ਢੱਕ ਕੇ ਰੱਖਿਆ ਜਾਵੇ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਵੇ। ਸ਼ਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਲਈ ਵੱਧ ਤੋਂ ਵੱਧ ਪਾਣੀ, ਘਰ ਦੀ ਬਣੀ ਲੱਸੀ, ਸ਼ਿਕੰਜਵੀ ਅਤੇ ਗੰਨੇ ਦੇ ਜੂਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸੇ ਵੀ ਜਨਤਕ ਇਕੱਠ ਜਾਂ ਫੀਲਡ ਗਤੀਵਿਧੀ ਦੌਰਾਨ ਪੀਣ ਵਾਲੇ ਪਾਣੀ ਅਤੇ ਛਾਂ ਦਾ ਪੂਰਾ ਪ੍ਰਬੰਧ ਰੱਖਣਾ ਲਾਜ਼ਮੀ ਹੋਵੇਗਾ।

Related Articles

Back to top button