ਲਾਇਲਪੁਰ ਖਾਲਸਾ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ਮਾਈ ਭਾਰਤ ਦਫਤਰ ਜਲੰਧਰ ਦੇ ਸਹਿਯੋਗ ਨਾਲ ਸਵੇਰੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਇੱਕ ਯੋਗ ਸੈਸ਼ਨ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਯੋਗ ਨੂੰ ਭਾਰਤ ਦੀਆਂ ਸਭ ਤੋਂ ਅਮੀਰ ਵਿਰਾਸਤਾਂ ਵਿੱਚੋਂ ਇੱਕ ਵਜੋਂ ਸ਼ਲਾਘਾ ਕੀਤੀ ਜੋ ਹੁਣ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ, ਜਿੱਥੇ ਤਣਾਅ ਅਤੇ ਅਲਹਿਦਗੀ ਮਨੁੱਖੀ ਸਰੀਰ ‘ਤੇ ਉਲਟਾ ਪ੍ਰਭਾਵ ਪਾ ਰਹੀ ਹੈ, ਯੋਗਾ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਨ ਲਈ ਇੱਕ ਮਹੱਤਵਪੂਰਨ ਹੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਯੋਗ ਨਾ ਸਿਰਫ਼ ਮਨ ਸ਼ਾਤ ਕਰਦਾ ਹੈ ਬਲਕਿ ਸਰੀਰ ਵਿੱਚ ਲਚਕਤਾ ਵੀ ਲਿਆਉਂਦਾ ਹੈ। ਸੈਸ਼ਨ ਦੌਰਾਨ, ਸਾਹ, ਲਚਕਤਾ ਅਤੇ ਮਾਸਪੇਸ਼ੀਆਂ ਦੀ ਤਾਕਤ ‘ਤੇ ਕੇਂਦ੍ਰਿਤ ਸੂਰਿਆ ਨਮਸਕਾਰ, ਪ੍ਰਯਾਣਮ, ਤਾਡ ਆਸਣ, ਅਸ਼ਵ ਸੰਚਲਾਨ ਆਸਣ, ਧਨੁਰ ਆਸਣ, ਸ਼ਵ ਆਸਣ, ਭੁਜੰਗ ਆਸਣ ਆਦਿ ਵਰਗੇ ਯੋਗ ਆਸਣ ਕੀਤੇ ਗਏ। ਐਨ.ਐਸ.ਐਸ. ਵਲੰਟੀਅਰਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੇ ਇੱਕਸੁਰਤਾ ਨਾਲ ਆਸਣ ਕੀਤੇ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਯੋਗ ਸੈਸ਼ਨ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਹੇਠ – ਯੋਗ 365, ਮੇਰਾ ਭਾਰਤ ਵਿਸ਼ੇ ਅਧੀਨ ਆਯੋਜਿਤ ਕੀਤਾ ਗਿਆ ਤਾਂ ਜੋ ਮਾਈ ਭਾਰਤ ਪੋਰਟਲ ਰਾਹੀਂ ਨੌਜਵਾਨਾਂ ਦੀ ਭਾਗੀਦਾਰੀ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਮਾਗਮ ਦੌਰਾਨ, ਟ੍ਰੇਨਰ ਏਕਤਾ ਪਾਂਡੇ ਨੇ ਆਸਣ ਕਰਦੇ ਹੋਏ, ਉਨ੍ਹਾਂ ਨੂੰ ਕਰਨ ਦੇ ਸਹੀ ਢੰਗ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਅਤੇ ਮਨ ‘ਤੇ ਵੱਖ-ਵੱਖ ਪ੍ਰਭਾਵਾਂ ਬਾਰੇ ਵੀ ਦੱਸਿਆ। ਇਸ ਮੌਕੇ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਫੁਲਤ ਕਰਨ ਲਈ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਸਹੁੰ ਵੀ ਲਈ ਗਈ। ਸ਼੍ਰੀਮਤੀ ਨੇਹਾ ਸ਼ਰਮਾ, ਜ਼ਿਲ੍ਹਾ ਯੁਵਾ ਅਧਿਕਾਰੀ, ਮਾਈ ਭਾਰਤ ਦਫ਼ਤਰ, ਸ਼੍ਰੀ ਕੁਲਵਿੰਦਰ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਸ ਰੂਹ ਨੂੰ ਸ਼ਾਂਤ ਕਰਨ ਵਾਲੇ ਅਨੁਭਵ ਵਿੱਚ ਹਿੱਸਾ ਲਿਆ।