ਜਲੰਧਰ (10 ਜੁਲਾਈ, 2026): ਸੀਮਿਤ ਪਰਿਵਾਰ ਅਤੇ ਖੁਸ਼ਹਾਲ ਸਮਾਜ ਇੱਕ ਸਿਹਤਮੰਦ, ਵਿਕਸਤ ਅਤੇ ਸੁਖੀ ਜੀਵਨ ਦਾ ਆਧਾਰ ਹਨ। ਇਸ ਸੋਚ ਦਾ ਮੁੱਖ ਮੰਤਵ ਵਧਦੀ ਅਬਾਦੀ ਨੂੰ ਕਾਬੂ ਕਰਨਾ, ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣਾ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ 11 ਤੋਂ 18 ਜੁਲਾਈ ਤੱਕ “ਵਿਸ਼ਵ ਆਬਾਦੀ ਦਿਵਸ-2026″ ਵਿਸ਼ੇਸ਼ ਮੁਹਿੰਮ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ । ਸਿਵਲ ਸਰਜਨ ਨੇ ਇਸ ਸਾਲ ਦੇ ਵਿਸ਼ੇ ” ਮਾਂ ਅਤੇ ਬੱਚੇ ਦੀ ਭਲਾਈ ਅਤੇ ਅਣਚਾਹੇ ਗਰਭ ਧਾਰਨ ਨੂੰ ਰੋਕਣ ਲਈ ਬੱਚਿਆਂ ਵਿੱਚ ਸਹੀ ਸਮਾਂ ਅਤੇ ਅੰਤਰਾਲ” ਅਤੇ ਸਲੋਗਨ “ਜਦੋਂ ਬੱਚਿਆਂ ਵਿੱਚ ਹੋਵੇ ਸਹੀ ਅੰਤਰਾਲ, ਪਰਿਵਾਰ ਹੋਵੇ ਤੰਦਰੁਸਤ ਅਤੇ ਖੁਸ਼ਹਾਲ” ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋ ਬੱਚਿਆਂ ਦੇ ਜਨਮ ਵਿੱਚ ਸਹੀ ਅਤੇ ਸੁਰੱਖਿਅਤ ਅੰਤਰਾਲ ਰੱਖਣਾ ਮਾਂ ਅਤੇ ਬੱਚੇ ਦੋਵਾਂ ਦੀ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੈ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਪਰਿਵਾਰ ਨਿਯੋਜਨ ਦੇ ਆਧੁਨਿਕ ਆਰਜ਼ੀ ਸਾਧਨਾਂ ਦੀ “ਬਾਸਕਟ ਆਫ਼ ਚੁਆਇਸ” ਬਿਲਕੁਲ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਜੋੜੇ ਆਪਣੀ ਇੱਛਾ ਅਨੁਸਾਰ ਪਰਿਵਾਰ ਨੂੰ ਸੀਮਤ ਰੱਖਣ ਦੇ ਸਾਧਨ ਚੁਣ ਸਕਣ ਜਿਵੇਂ ਕੰਡੋਮ (ਨਿਰੋਧ) ,ਗਰਭ ਨਿਰੋਧਕ ਗੋਲੀਆਂ (ਮਾਲਾ-ਐਨ, ਛਾਇਆ), ਅੰਤਰਾ ਇੰਜੈਕਸ਼ਨ, ਕਾਪਰ-ਟੀ (IUCD)। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸੀਮਿਤ ਰੱਖਣ ਨਾਲ ਬੱਚਿਆਂ ਦਾ ਪਾਲਣ-ਪੋਸ਼ਣ ਬਿਹਤਰ ਢੰਗ ਨਾਲ ਕਰ ਸਕਦੇ ਹਾਂ, ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਬਿਹਤਰ ਕਰ ਸਕਦੇ ਹਾਂ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ “ਵਿਸ਼ਵ ਆਬਾਦੀ ਦਿਵਸ ਮੁਹਿੰਮ” ਦੌਰਾਨ 11 ਤੋਂ 18 ਜੁਲਾਈ ਤੱਕ ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚ ਵਿਸ਼ੇਸ਼ ਪਰਿਵਾਰ ਨਿਯੋਜਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ 11 ਜੁਲਾਈ ਨੂੰ ਸੀ.ਐੱਚ.ਸੀ. ਕਰਤਾਰਪੁਰ, 13 ਜੁਲਾਈ ਨੂੰ ਪੀ.ਪੀ.ਯੂਨਿਟ ਸਿਵਲ ਹਸਪਤਾਲ ਜਲੰਧਰ, 14 ਜੁਲਾਈ ਨੂੰ ਐੱਸ.ਡੀ.ਐੱਚ. ਫਿਲੌਰ, 15 ਜੁਲਾਈ ਨੂੰ ਸੀ.ਐੱਚ.ਸੀ.ਆਦਮਪੁਰ, 16 ਜੁਲਾਈ ਨੂੰ ਪੀ.ਪੀ. ਯੂਨਿਟ ਸਿਵਲ ਹਸਪਤਾਲ ਜਲੰਧਰ, 17 ਜੁਲਾਈ ਨੂੰ ਐੱਸ.ਡੀ.ਐੱਚ. ਨਕੋਦਰ ਅਤੇ 18 ਜੁਲਾਈ ਨੂੰ ਸੀ.ਐੱਚ.ਸੀ. ਆਦਮਪੁਰ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਜੋੜੇ ਆਪਣਾ ਪਰਿਵਾਰ ਸੀਮਤ ਕਰਨ ਲਈ, ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਵਿਸ਼ੇਸ਼ ਮੁਫ਼ਤ ਨਸਬੰਦੀ ਅਤੇ ਨਲਬੰਦੀ (ਪੱਕੇ ਸਾਧਨ) ਦਾ ਲਾਭ ਲੈ ਸਕਦੇ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਮੁਫਤ ਸਲਾਹ ਲੈਣ ਜਾਂ ਇਨ੍ਹਾਂ ਕੈਂਪਾਂ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਲੋਕ ਆਪਣੇ ਪਿੰਡ ਜਾਂ ਮੁਹੱਲੇ ਦੀ ਆਸ਼ਾ ਵਰਕਰ/ਏ.ਐੱਨ. ਐੱਮ. ਜਾਂ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਖੇ ਸੰਪਰਕ ਕਰ ਸਕਦੇ ਹਨ।