ਜਲੰਧਰ 28 ਜੁਲਾਈ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਨੈਸ਼ਨਲ ਵਾਇਰਲ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ (NVHCP) ਅਧੀਨ ਵਿਸ਼ਵ ਹੈਪੇਟਾਈਟਿਸ ਦਿਵਸ ਦੇ ਮੌਕੇ ‘ਤੇ ਜ਼ਿਲ੍ਹੇ ਵਿੱਚ 28 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੀ 15 ਦਿਨਾਂ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਜ਼ਿਲ੍ਹੇ ਭਰ ਵਿੱਚ ਇਹ ਵਿਸ਼ੇਸ਼ ਮੁਹਿੰਮ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀਆਂ ਹਦਾਇਤਾਂ ਅਤੇ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ। ਇਸ ਦੌਰਾਨ ਸਿਹਤ ਸੰਸਥਾਵਾਂ, ਆਯੁਸ਼ਮਾਨ ਆਰੋਗਿਆ ਕੇਂਦਰਾਂ, ਸਕੂਲਾਂ ਅਤੇ ਭਾਈਚਾਰਕ ਪੱਧਰ ‘ਤੇ ਲਗਾਤਾਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਾਗਰੂਕਤਾ ਦਾ ਸੰਦੇਸ਼ ਪਹੁੰਚਾਇਆ ਜਾ ਸਕੇ।
ਮੁਹਿੰਮ ਦੇ ਪਹਿਲੇ ਦਿਨ ਮੰਗਲਵਾਰ ਨੂੰ ਸਰਕਾਰੀ ਸਕੂਲ ਆਬਾਦਪੁਰਾ ਜਲੰਧਰ ਵਿਖੇ ਏ.ਐੱਮ.ਓ. ਡਾ. ਦੇਵ ਰਾਜ ਨੇ ਆਰ.ਬੀ.ਐੱਸ.ਕੇ. (RBSK) ਟੀਮ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹੈਪੇਟਾਈਟਿਸ ‘ਬੀ’ ਅਤੇ ‘ਸੀ’ ਦੇ ਕਾਰਨਾਂ, ਲੱਛਣਾਂ, ਬਚਾਅ ਦੇ ਉਪਾਵਾਂ, ਸਮੇਂ ਸਿਰ ਜਾਂਚ ਅਤੇ ਵਿਭਾਗ ਕੋਲ ਉਪਲਬਧ ਮੁਫ਼ਤ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਹੈਪੇਟਾਈਟਿਸ ਸਬੰਧੀ ਫੈਲੇ ਭਰਮਾਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਡਾ. ਦੇਵ ਨੇ ਹੈਪੇਟਾਈਟਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਪਾਟਾਈਟਿਸ -ਏ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਫੈਲਦਾ ਹੈ। ਹੈਪਾਟਾਈਟਿਸ -ਬੀ ਦੂਸ਼ਿਤ ਖੂਨ, ਅਸੁਰੱਖਿਅਤ ਯੌਨ ਸੰਬੰਧ ਜਾਂ ਸੰਕਰਮਿਤ ਮਾਂ ਤੋਂ ਬੱਚੇ ਵਿੱਚ ਫੈਲ ਸਕਦਾ ਹੈ। ਹੈਪਾਟਾਈਟਿਸ-ਸੀ ਮੁੱਖ ਤੌਰ ‘ਤੇ ਦੂਸ਼ਿਤ ਖੂਨ ਰਾਹੀਂ ਫੈਲਦਾ ਹੈ। ਹੈਪਾਟਾਈਟਿਸ -ਡੀ ਸਿਰਫ਼ ਉਹਨਾਂ ਲੋਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਹੈਪਾਟਾਈਟਿਸ-ਬੀ ਹੋਵੇ। ਇਹ ਬਿਮਾਰੀ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਹੈਪਾਟਾਈਟਿਸ -ਈ ਦੂਸ਼ਿਤ ਪਾਣੀ ਰਾਹੀਂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਪੀਲੀਆ (ਅੱਖਾਂ ਅਤੇ ਚਮੜੀ ਦਾ ਪੀਲਾ ਹੋਣਾ), ਥਕਾਵਟ, ਭੁੱਖ ਘੱਟ ਲੱਗਣਾ, ਜੀਅ-ਕੱਚਾ ਜਾਂ ਉਲਟੀ ਆਉਣਾ, ਪੇਟ ਦੇ ਸੱਜੇ ਉੱਪਰਲੇ ਹਿੱਸੇ ਵਿੱਚ ਦਰਦ, ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ ਹੈਪੇਟਾਈਟਿਸ ਦੇ ਆਮ ਲੱਛਣ ਹਨ। ਉਨ੍ਹਾਂ ਦੱਸਿਆ ਕਿ ਹੈਪੇਟਾਈਟਿਸ ਇੱਕ ਗੰਭੀਰ ਪਰ ਰੋਕਥਾਮਯੋਗ ਅਤੇ ਪੂਰੀ ਤਰ੍ਹਾਂ ਇਲਾਜਯੋਗ ਬਿਮਾਰੀ ਹੈ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਇਸ ਦੇ ਗੰਭੀਰ ਸਿੱਟਿਆਂ ਤੋਂ ਬਚਿਆ ਜਾ ਸਕਦਾ ਹੈ, ਕਿਸੇ ਵੀ ਤਰ੍ਹਾਂ ਦੇ ਲੱਛਣ ਜਾਂ ਖ਼ਤਰੇ ਦੀ ਸਥਿਤੀ ਵਿੱਚ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਮੁਫ਼ਤ ਜਾਂਚ ਅਤੇ ਇਲਾਜ ਕਰਵਾਓ।
ਹੈਪੇਟਾਈਟਿਸ ਸੰਬੰਧੀ 15 ਦਿਨਾਂ ਜਾਗਰੂਕਤਾ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਸਮੂਹ ਸੀ.ਐੱਚ.ਸੀ., ਪੀ.ਐੱਚ.ਸੀ., ਆਯੁਸ਼ਮਾਨ ਆਰੋਗਿਆ ਕੇਂਦਰਾਂ ਅਤੇ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਅਤੇ ਸੈਮੀਨਾਰ ਆਯੋਜਿਤ ਕਰਕੇ ਆਮ ਲੋਕਾਂ ਨੂੰ ਹੈਪੇਟਾਈਟਿਸ ਦੀ ਰੋਕਥਾਮ ਅਤੇ ਟੀਕਾਕਰਨ ਬਾਰੇ ਜਾਗਰੂਕ ਕੀਤਾ ਗਿਆ।