ਚੰਡੀਗੜ੍ਹ ਜੁਲਾਈ 30

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਸ਼ਿਆਂ ਦੇ ਮੁੱਦੇ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮਾਨ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਦਾ ਦਾਅਵਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕਾ ਹੈ। ਮੋਹਾਲੀ ਦੀ ਅੰਬ ਸਾਹਿਬ ਕਲੋਨੀ ਵਿੱਚ ਪਿਛਲੇ ਮਹਿਜ਼ 18 ਦਿਨਾਂ ਅੰਦਰ ਨਸ਼ੇ ਦੀ ਓਵਰਡੋਜ਼ ਕਾਰਨ 5 ਨੌਜਵਾਨਾਂ ਦੀ ਹੋਈ ਦੁਖਦਾਈ ਮੌਤ ਨੇ ਸੂਬੇ ਦੇ ਖ਼ੌਫ਼ਨਾਕ ਹਾਲਾਤਾਂ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।

ਕੇਵਲ ਸਿੰਘ ਢਿੱਲੋਂ ਨੇ ਅੰਬ ਸਾਹਿਬ ਕਲੋਨੀ ਦੇ ਪੀੜਤ ਪਰਿਵਾਰਾਂ ਦਾ ਦਰਦ ਸਾਂਝਾ ਕਰਦਿਆਂ ਕਿਹਾ ਕੀ ਇਹ ਬਹੁਤ ਹੀ ਦਿਲ ਕੰਬਾਊ ਅਤੇ ਸ਼ਰਮਨਾਕ ਹੈ ਕਿ ਇੱਕੋ ਪਰਿਵਾਰ ਦੀ ਮਾਂ ਦੇ ਦੋਵੇਂ ਪੁੱਤਰ ਨਸ਼ੇ ਦੀ ਬਲੀ ਚੜ੍ਹ ਗਏ। ਇੱਕ ਹੋਰ ਔਰਤ ਆਪਣੇ ਦੋ ਛੋਟੇ ਬੱਚਿਆਂ ਨਾਲ ਇਕੱਲੀ ਰਹਿ ਗਈ ਹੈ, ਕਿਉਂਕਿ ਉਸ ਦਾ ਪਤੀ ਨਸ਼ੇ ਕਾਰਨ ਦੁਨੀਆ ਛੱਡ ਗਿਆ। ਇਹ ਸਿਰਫ਼ ਅੰਕੜੇ ਨਹੀਂ ਹਨ, ਇਹ ਉਹ ਪਰਿਵਾਰ ਹਨ ਜੋ ਸਰਕਾਰ ਦੀ ਵਾਅਦਾਖ਼ਲਾਫ਼ੀ ਕਾਰਨ ਉੱਜੜ ਰਹੇ ਹਨ।

ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ 3 ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ, ਪਰ ਅੱਜ ਸਥਿਤੀ ਇਹ ਹੈ ਕਿ ਨਸ਼ਾ ਘਟਣ ਦੀ ਬਜਾਏ ਹੋਰ ਵੱਧ ਗਿਆ ਹੈ। ਅੱਜ ਪੰਜਾਬ ਦੀ ਜਵਾਨੀ ਹਰ ਰੋਜ਼ ਦਮ ਤੋੜ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨਸ਼ਾ ਪੀੜਤ ਪਰਿਵਾਰ ਅਤੇ ਆਮ ਨਾਗਰਿਕ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤਸਕਰਾਂ ਨੂੰ ਪ੍ਰਸ਼ਾਸਨ ਅਤੇ ਸਿਆਸੀ ਸਰਪ੍ਰਸਤੀ ਪ੍ਰਾਪਤ ਹੈ।

ਭਾਜਪਾ ਨੇਤਾ ਨੇ ਅੱਗੇ ਕਿਹਾ ਕਿ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਇਸ ਹੱਦ ਤੱਕ ਉੱਠ ਚੁੱਕਾ ਹੈ ਕਿ ਪੀੜਤ ਪਰਿਵਾਰਾਂ ਨੂੰ ਨਸ਼ੇ ਤੋਂ ਤੰਗ ਆ ਕੇ ਆਪਣੇ ਘਰ‌ ਵੇਚਣ ਲਈ ਪੋਸਟਰ ਲਗਾਉਣੇ ਅਤੇ ਧਰਨੇ ਦੇਣ ਲਈ ਮਜ਼ਬੂਰ ਹੋਣਾ ਪੈ ਰਹਾ ਹੈ। ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਅਤੇ ਆਮ ਲੋਕਾਂ ਦਾ ਰੋਸ ‘ਆਪ’ ਸਰਕਾਰ ਦੇ ਫੇਲ੍ਹ ਹੋ ਚੁੱਕੇ ਸਿਸਟਮ ਦੀ ਪ੍ਰਤੱਖ ਨਿਸ਼ਾਨੀ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਦਾ ਝੂਠਾ ਬਦਲਾਅ ਪੰਜਾਬ ਦੇ ਲੋਕਾਂ ਨੂੰ ਬਹੁਤ ਮਹਿੰਗਾ ਪਿਆ ਹੈ, ਜਿਸਨੇ ਪੰਜਾਬ ਨੂੰ ਕਈ ਸਾਲ ਪਿੱਛੇ ਕਰ ਦਿੱਤਾ ਹੈ। ਉਹਨਾਂ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਤਕੜੀ ਯੋਗ ਅਗਵਾਈ ਤੇ ਨੀਤੀ ਦੀ ਲੋੜ ਹੈ ਨਾ ਕਿ ਸਿਰਫ ਇਸ਼ਤਿਹਾਰਬਾਜ਼ੀ ਸਿਸਟਮ ਦੀ ਲੋੜ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਤਾਂ ਕਿ ਡਬਲ ਇੰਜਣ ਦੀ ਸਰਕਾਰ ਨਾਲ ਇੱਥੇ ਨਸ਼ਿਆਂ ਦੀ ਜੜ੍ਹ ਪੁੱਟੀ ਜਾ ਸਕੇ।