
ਜਲੰਧਰ (06-08-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜਿਲ੍ਹਾ ਪੀ.ਸੀ. – ਪੀ.ਐੱਨ.ਡੀ.ਟੀ. ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਬੁਲਾਈ ਗਈ। ਇਸ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਿਲ੍ਹੇ ਵਿੱਚ ਲਿੰਗ ਅਨੁਪਾਤ ‘ਚ ਹੋਰ ਸੁਧਾਰ ਲਿਆਉਣ ਅਤੇ ਪ੍ਰੀ-ਕਨਸੈੱਪਸ਼ਨ ਅਤੇ ਪ੍ਰੀ-ਨੇਟਲ ਡਾਇਗਨੋਸਟਿਕ ਤਕਨੀਕ (ਪੀ.ਸੀ.ਪੀ.ਐੱਨ.ਡੀ.ਟੀ.) ਐਕਟ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ‘ਚ ਅਲਟ੍ਰਾ ਸਾਉਂਡ ਸਕੈਨ ਸੈਂਟਰਾਂ ਦੀ ਨਵੀਂ ਰਜਿਸਟ੍ਰੇਸ਼ਨ ਅਤੇ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਲਈ ਆਏ ਕੇਸਾਂ ‘ਤੇ ਵਿਚਾਰ ਕੀਤਾ ਗਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਮਾਦਾ ਭਰੂਣ ਹੱਤਿਆ ਸਮਾਜਿਕ ਬੁਰਾਈ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸਕੈਨਿੰਗ ਸੈਂਟਰਾਂ ਵਿੱਚ ਨਿਰੰਤਰ ਇੰਨਸਪੈਕਸ਼ਨਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਭ ਦੌਰਾਨ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਅਤੇ ਸਜਾ ਯੋਗ ਅਪਰਾਧ ਹੈ, ਇਸ ਜੁਰਮ ‘ਚ ਪਾਏ ਗਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ 3 ਨਵੇਂ ਸਕੈਨ ਸੈਂਟਰ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰਤੀ ਬੇਨਤੀ ਪ੍ਰਾਪਤ ਹੋਈ, ਜਿਸ ਨੂੰ ਦਸਤਾਵੇਜ ਵਾਚਣ ਉਪਰੰਤਰ ਲੋੜੀਂਦੀ ਕਾਰਵਾਈ ਪੂਰੀ ਹੋਣ ‘ਤੇ ਕਮੇਟੀ ਵੱਲੋਂ ਮਨਜੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ 27 ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਲਈ ਪ੍ਰਤੀ ਬੇਨਤੀ ਦਿੱਤੀ ਗਈ ਸੀ, ਜਿਸਨੂੰ ਲੋੜੀਂਦੇ ਦਸਤਾਵੇਜ ਪੂਰੇ ਹੋਣ ਅਤੇ ਕਮੇਟੀ ਮੈਂਬਰਾਂ ਵਲੋਂ ਪੜਚੋਲ ਕਰਨ ਉਪਰੰਤ ਨਵੀਂ ਰਜਿਸਟ੍ਰੇਸ਼ਨ ਲਈ ਮਨਜੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਦੋ ਨਵੇਂ ਐਮ.ਟੀ.ਪੀ. ਸੈਂਟਰਾਂ ਨੂੰ ਵੀ ਮਨਜੂਰੀ ਦਿੱਤੀ ਗਈ।
ਮੀਟਿੰਗ ਵਿੱਚ ਡਾ. ਵਨਿੰਦਰ ਰਿਆੜ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਵਰਿੰਦਰ ਕੌਰ ਥਿੰਦ ਚੇਅਰਪਰਸਨ ਪੀ.ਐਨ.ਡੀ.ਟੀ. ਐਡਵਾਇਜ਼ਰੀ ਕਮੇਟੀ, ਡਾ. ਅਭਿਨਵ ਸ਼ੂਰ ਮੈਡੀਕਲ ਸਪੈਸ਼ਲਿਸਟ , ਡਾ. ਮੋਹਿਤ ਚੰਦਰ ਪਿਡੀਆਟ੍ਰੀਅਸ਼ਨ, ਸ਼੍ਰੀ ਗਗਨਦੀਪ ਸਹਾਇਕ ਜਿਲ੍ਹਾ ਅਟਾਰਨੀ, ਸ਼੍ਰੀਮਤੀ ਪਰਵੀਨ ਅਬਰੋਲ ਸ਼ੋਸ਼ਲ ਵਰਕਰ, ਮਿਸ ਰਮਨਪ੍ਰੀਤ ਕੌਰ ਸੋਸ਼ਲ ਵਰਕਰ, ਮੈਡਮ ਸੰਦੀਪ, ਅਸੀਮ ਸ਼ਰਮਾ ਡਿਪਟੀ ਮਾਸ ਮੀਡੀਆ ਅਫਸਰ ਅਤੇ ਦੀਪਕ ਬਪੋਰੀਆ ਜਿਲ੍ਹਾ ਪੀ.ਸੀ.ਪੀ.ਐੱਨ.ਡੀ.ਟੀ. ਕੋਆਰਡੀਨੇਟਰ ਮੌਜੂਦ ਸਨ।