
ਜਲੰਧਰ (06-08-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਦੀ ਅਗਵਾਈ ਹੇਠ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਜਾਗਰੂਕਤਾ ਹਫ਼ਤੇ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਵੀਰਵਾਰ ਨੂੰ ਐਮ.ਸੀ.ਐਚ ਸੈਂਟਰ, ਸਿਵਲ ਹਸਪਤਾਲ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ 1 ਤੋਂ 7 ਅਗਸਤ ਤੱਕ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਸੈਮੀਨਾਰ ਦੌਰਾਨ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਸਿਹਤ ਸਿੱਖਿਆ ਦਿੰਦੇ ਹੋਏ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਣੇਪੇ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਜ਼ਰੁਰੀ ਹੈ। ਪਹਿਲੇ 6 ਮਹੀਨੇ ਤਾਂ ਕੇਵਲ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ ਹੈ। ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਵਿੱਚ ਬਿਮਾਰੀਆਂ ਤੋਂ ਬਚਣ ਦਾ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ। “ਮਾਂ ਦਾ ਦੁੱਧ’’ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸੀਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ।
ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਕਿਹਾ ਕਿ ਕੁਦਰਤ ਵੱਲੋਂ ਨਵਜੰਮੇ ਬੱਚੇ ਦੇ ਪੋਸ਼ਣ ਲਈ ਬਖਸ਼ਿਆ ਗਿਆ “ਮਾਂ ਦਾ ਦੁੱਧ’’ ਇਕ ਵੱਡਮੁੱਲੀ ਅਤੇ ਅਨਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ। ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੇ ਸੰਪੂਰਨ ਵਿਕਾਸ ਲਈ ਪੋਸ਼ਣ ਦਾ ਸਭ ਤੋਂ ਚੰਗਾ ਸਰੋਤ ਹੁੰਦਾ ਹੈ। ਮਾਂ ਦਾ ਦੁੱਧ ਚੁੰਘਾੳਣ ਸਮੇਂ ਕੁੱਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਕਿ ਬੱਚੇ ਨੂੰ ਹਮੇਸ਼ਾ ਬੈਠ ਕੇ ਦੁੱਧ ਚੁੰਘਾਉਣਾ, ਬੱਚੇ ਨੂੰ ਦੁੱਧ ਚੁੰਘਾਉਣ ਸਮੇਂ ਮਨ ਵਿੱਚ ਚੰਗੇ ਵਿਚਾਰ ਲਿਆਉਣੇ, ਦੁੱਧ ਚੁੰਘਾਉਣ ਤੋਂ ਬਾਅਦ ਬੱਚੇ ਨੂੰ ਛਾਤੀ ਨਾਲ ਲਾ ਕੇ ਡਕਾਰ ਦਿਵਾਉਣਾ ਆਦਿ ।
ਸੈਮੀਨਾਰ ਦੌਰਾਨ ਐਮਐਚਆਰ ਡੀਏਵੀ ਇੰਸਟੀਟਿਊਟ ਆਫ ਨਰਸਿੰਗ, ਗੁਲਾਬ ਦੇਵੀ ਰੋਡ ਜਲੰਧਰ ਦੀਆਂ ਨਰਸਿੰਗ ਵਿਦਿਆਰਥਣਾਂ ਵੱਲੋਂ ਸਕਿਟ ਰਾਹੀਂ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਸੰਦੇਸ਼ ਦਿੱਤਾ ਕਿ ਨਵ-ਜੰਮੇ ਬੱਚੇ ਨੂੰ ਪੋਸ਼ਣ, ਸੁਰੱਖਿਆ ਅਤੇ ਪਿਆਰ ਦੀ ਲੋੜ ਹੁੰਦੀ ਹੈ, ਇਨ੍ਹਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਮਾਂ ਦਾ ਦੁੱਧ ਹੀ ਕਰਦਾ ਹੈ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਐਸਐਮਓ (ਗਾਇਨੀ) ਡਾ. ਵਰਿੰਦਰ ਕੌਰ ਥਿੰਦ, ਐਸਐਮਓ ਡਾ. ਹਰਵੀਨ, ਐਸਐਮਓ ਡਾ. ਮਨੀਸ਼, ਡਾ. ਸਤਵਿੰਦਰ, ਡਾ. ਪ੍ਰਿਯੰਕਾ, ਡਾ. ਜਸ਼ਨ, ਡਾ. ਅਭਿਨਵਰ ਸ਼ੂਰ, ਨਰਸਿੰਗ ਸਿਸਟਰ ਨੀਤਾ ਅਤੇ ਸੀਮਾ ਮੌਜੂਦ ਸਨ।