
ਸਰਕਾਰੀ ਹਸਪਤਾਲ ਕਾਲਾ ਬੱਕਰਾ ਨੂੰ ਅੱਜ ਤੋਂ 100 ਸਾਲ ਪਹਿਲਾਂ ਆਪਣੀ ਜ਼ਮੀਨ ਦਾਨ ਕਰਨ ਵਾਲੀ ਹਸਤੀ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਯਾਦ ਕਰਕੇ ਇਸ ਮਹਾਂਦਾਨ ਦੀ ਸ਼ਤਾਬਦੀ ਮਨਾਉਂਦਿਆਂ ਹਸਪਤਾਲ ਦੇ ਐਸ.ਐਸ.ਓ ਡਾਕਟਰ ਬਲਜੀਤ ਸਿੰਘ ਅਤੇ ਹਸਪਤਾਲ ਦੇ ਸਮੂਹ ਸਟਾਫ ਨੇ ਵੜੈਚ ਪਰਿਵਾਰ ਦੇ ਸਹਿਯੋਗ ਨਾਲ ਇੱਕ ਭਾਵਪੂਰਤ ਸਮਾਗਮ ਦਾ ਆਯੋਜਨ ਹਸਪਤਾਲ ਦੇ ਮੀਟਿੰਗ ਹਾਲ ਵਿੱਚ ਕੀਤਾ। ਇਸ ਮੌਕੇ ਤੇ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਦੇ ਪੋਤਰੇ ਸਰਦਾਰ ਜਸਪਾਲ ਸਿੰਘ ਵੜੈਚ ਜੁਆਇੰਟ ਸੈਕਟਰੀ ਗਵਰਨਿੰਗ ਕੌਂਸਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਸੇਵਾਮੁਕਤ ਡਿਪਟੀ ਡਾਇਰੈਕਟਰ ਫੂਡ ਸਪਲਾਈ ਵਿਭਾਗ ਪੰਜਾਬ ਸਰਦਾਰ ਗੁਲਬਹਾਰ ਸਿੰਘ ਵੜੈਚ ਸਮੇਤ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਲਾਇਲਪੁਰ ਖਾਲਸਾ ਕਾਲਜ ਜਲੰਧਰ, ਡਾ. ਬਲਜੀਤ ਸਿੰਘ ਅਤੇ ਸਰਪੰਚ ਦਵਿੰਦਰ ਸਿੰਘ ਮਿੰਟਾ ਮੰਚ ਤੇ ਸੁਸ਼ੋਭਿਤ ਹੋਏ । ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਸਾਥੀ ਕੈਪਟਨ ਗੁਲਾਬ ਸਿੰਘ ਵੜੈਚ ਤੋਂ ਲੈ ਕੇ ਅੱਜ ਤਕ ਦੀ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਦੇ ਪਰਿਵਾਰ ਬਾਰੇ ਜਾਣਕਾਰੀ ਹਾਜ਼ਰ ਸਰੋਤਿਆਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਦੇ ਸਪੁੱਤਰ ਸਰਦਾਰ ਸੋਹਨਜੀਤ ਸਿੰਘ ਵੜੈਚ ਅਤੇ ਸਰਦਾਰ ਕਰਮਜੀਤ ਸਿੰਘ ਵੜੈਚ ਅਤੇ ਉਨਾਂ ਦੇ ਬੱਚਿਆਂ ਨੇ ਆਪਣੇ ਪੁਰਖਿਆਂ ਦੀ ਲੋਕ ਭਲਾਈ ਵਾਲੀ ਰੀਤ ਨੂੰ ਬਖੂਬੀ ਅੱਗੇ ਤੋਰਿਆ ਹੈ।ਸਮਾਗਮ ਵਿੱਚ ਐਸ.ਐਮ.ਓ ਡਾਕਟਰ ਬਲਜੀਤ ਸਿੰਘ ਅਤੇ ਸਰਦਾਰ ਜਸਪਾਲ ਸਿੰਘ ਵੜੈਚ ਨੇ ਵੀ ਮੰਚ ਤੋਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਵੀ ਮਨੁੱਖਤਾ ਨੂੰ ਸਮਾਜ ਸੇਵਕ ਹਸਤੀਆਂ ਦੇ ਉੱਦਮ ਦੀ ਬੇਹਦ ਲੋੜ ਹੈ ਅਤੇ ਸਾਨੂੰ ਆਪਣੇ ਪੁਰਖਿਆਂ ਦੇ ਮਹਾਨ ਕਾਰਨਾਮਿਆਂ ਤੋਂ ਪ੍ਰੇਰਨਾ ਲੈ ਕੇ ਇਸ ਖੇਤਰ ਵਿੱਚ ਯਥਾ-ਸੰਭਵ ਯੋਗਦਾਨ ਪਾਉਦੇਂ ਰਹਿਣਾ ਚਾਹੀਦਾ ਹੈ। ਮੁੱਖ ਮਹਿਮਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਵੜੈਚ ਪਰਿਵਾਰ ਨਾਲ ਆਪਣੇ ਨਜ਼ਦੀਕੀ ਪਰਿਵਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਵੜੈਚ ਪਰਿਵਾਰ, ਹਸਪਤਾਲ ਦੇ ਸਮੂਹ ਡਾਕਟਰ ਸਾਹਿਬਾਨ ਤੇ ਕਰਮਚਾਰੀਆਂ ਦੀ ਇਸ ਭਾਵਪੂਰਤ ਸਮਾਗਮ ਦੇ ਆਯੋਜਨ ਲਈ ਸ਼ਲਾਘਾ ਕੀਤੀ। ਇਸ ਮੌਕੇ ਤੇ ਜੱਟ ਸਿੱਖ ਐਸੋਸੀਏਸ਼ਨ ਅਹੁਦੇਦਾਰਾਨ ਸ. ਸਰਬਦਿਆਲ ਸਿੰਘ ਰੰਧਾਵਾ, ਸ. ਮਨਿੰਦਰ ਸਿੰਘ ਬਾਵਾ ਤੋਂ ਇਲਾਵਾ ਐਡਵੋਕੇਟ ਨਰਿੰਦਰਪਾਲ ਸਿੰਘ ਜੱਜ, ਸ. ਨਿਰਮਲ ਸਿੰਘ ਸਾਬਕਾ ਸਰਪੰਚ, ਸ. ਕਸ਼ਮੀਰ ਸਿੰਘ ਗਾਦਰੀ, ਸ. ਕੇਵਲ ਸਿੰਘ ਸਰਪੰਚ ਜੱਲੋਵਾਲ ਅਤੇ ਸ੍ਰੀ ਰਾਧੇ ਸ਼ਾਮ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।