

ਚੰਡੀਗੜ੍ਹ, 12 ਸਤੰਬਰ
ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ 17 ਸਤੰਬਰ ਤੋਂ 17 ਅਕਤੂਬਰ ਤੱਕ ਪੂਰੇ ਪੰਜਾਬ ਵਿੱਚ ‘ਸੇਵਾ ਸੰਕਲਪ ਅਭਿਆਨ’ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਲੀਕੇ ਗਏ ਇਸ ਅਭਿਆਨ ਦੀ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ 25 ਸਾਲਾਂ ਦੀ ਸਫ਼ਲ ਜਨ ਸੇਵਾ ਯਾਤਰਾ 7 ਅਕਤੂਬਰ 2026 ਨੂੰ ਪੂਰੀ ਹੋ ਰਹੀ ਹੈ। ਇਸ ਦੌਰਾਨ ਭਾਜਪਾ ਵਰਕਰ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚ ਕੇ ਸੇਵਾ ਦਾ ਸੰਦੇਸ਼ ਪਹੁੰਚਾਉਣਗੇ।
ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਨ ਸੇਵਾ ਦਾ ਇਹ ਸਫ਼ਰ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸ਼ੁਰੂ ਹੋਇਆ ਸੀ, ਜਿੱਥੇ ਉਹ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੇ ਅਤੇ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਦਾਇਰਾ ਪੂਰੇ ਦੇਸ਼ ਤੱਕ ਫੈਲ ਗਿਆ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਤਰੱਕੀ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੁਣ ਭਾਰਤ ਨੂੰ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਵੱਲ ਅੱਗੇ ਵੱਧ ਰਿਹਾ ਹੈ। ਇਸ ਯਾਤਰਾ ਦੌਰਾਨ ਕੇਂਦਰ ਸਰਕਾਰ ਨੇ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਸਟਾਰਟਅੱਪ ਇੰਡੀਆ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਉੱਜਵਲਾ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ, ਜਲ ਜੀਵਨ ਮਿਸ਼ਨ ਅਤੇ ਕਿਸਾਨ ਸਨਮਾਨ ਨਿਧੀ ਵਰਗੀਆਂ ਅਨੇਕਾਂ ਯੋਜਨਾਵਾਂ ਰਾਹੀਂ ਗਰੀਬਾਂ, ਕਿਸਾਨਾਂ ਅਤੇ ਲੋੜਵੰਦਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਹੈ।
ਪੰਜਾਬ ਦੇ ਵਿਕਾਸ ਅਤੇ ਸਿੱਖ ਭਾਈਚਾਰੇ ਲਈ ਕੇਂਦਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਢਿੱਲੋਂ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਪੰਜਾਬ ਨੂੰ ਸੜਕਾਂ, ਰੇਲਵੇ, ਕਿਸਾਨੀ ਅਤੇ ਬੁਨਿਆਦੀ ਢਾਂਚੇ ਲਈ 17 ਲੱਖ ਕਰੋੜ ਰੁਪਏ ਤੋਂ ਵੱਧ ਫੰਡ ਮੁਹੱਈਆ ਕਰਵਾਏ ਹਨ। ਇਸ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਨਿਰਮਾਣ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ, ਵੀਰ ਬਾਲ ਦਿਵਸ ਦੀ ਸ਼ੁਰੂਆਤ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਵਰਗੇ ਇਤਿਹਾਸਕ ਕਦਮ ਚੁੱਕ ਕੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮਹੀਨਾ ਭਰ ਚੱਲਣ ਵਾਲੇ ਇਸ ਅਭਿਆਨ ਦੌਰਾਨ 13 ਪ੍ਰਮੁੱਖ ਪ੍ਰੋਗਰਾਮ ਉਲੀਕੇ ਗਏ ਹਨ। ਇਸ ਦੀ ਸ਼ੁਰੂਆਤ 17 ਸਤੰਬਰ ਨੂੰ ਪੰਜਾਬ ਭਰ ਵਿੱਚ ਖੂਨਦਾਨ ਕੈਂਪਾਂ ਨਾਲ ਹੋਵੇਗੀ, ਜਦੋਂਕਿ ਉਸੇ ਸ਼ਾਮ 7 ਵਜੇ ਲਾਭਪਾਤਰੀ ਅਤੇ ਵਰਕਰ ਆਪਣੇ ਘਰਾਂ ਵਿੱਚ ‘ਆਸ਼ੀਰਵਾਦ ਦਾ ਦੀਵਾ’ ਜਗਾ ਕੇ ਧੰਨਵਾਦ ਪ੍ਰਗਟ ਕਰਨਗੇ। ਸਕੂਲਾਂ ਵਿੱਚ ‘ਮੇਰੇ ਸੁਪਨਿਆਂ ਦਾ ਭਾਰਤ—ਚਿੱਤਰ ਸੇਵਾ’ ਤਹਿਤ ਚਿੱਤਰਕਾਰੀ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਪਿੰਡ-ਪਿੰਡ ‘ਨਮੋ ਸੇਵਾ—ਅਣਕਹੀਆਂ ਕਹਾਣੀਆਂ’ ਤਹਿਤ 30 ਮਿੰਟ ਦਾ ਨਾਟਕ ਪੇਸ਼ ਕੀਤਾ ਜਾਵੇਗਾ। ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦਾ ‘ਆਂਗਣ ਮਿਲਨ ਸੇਵਾ’ ਤਹਿਤ ਸਨਮਾਨ ਕੀਤਾ ਜਾਵੇਗਾ, ਜਦੋਂ ਕਿ ‘ਸੇਵਾ ਦੀ ਕਹਾਣੀ’ ਤਹਿਤ ਲੋਕਾਂ ਦੀ ਜ਼ਿੰਦਗੀ ਵਿੱਚ ਆਏ ਬਦਲਾਅ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾਣਗੀਆਂ।
ਅਭਿਆਨ ਦੇ ਹੋਰ ਪ੍ਰੋਗਰਾਮਾਂ ਵਿੱਚ ਵਿਕਸਤ ਭਾਰਤ ਦੇ ਸੰਕਲਪ ਲਈ ‘ਸੇਵਾ ਜੋਤੀ ਯਾਤਰਾ’ ਦੌਰਾਨ ਮਸ਼ਾਲ ਜਗਾਈ ਜਾਵੇਗੀ ਅਤੇ ‘ਸੇਵਾ—ਮੇਰਾ ਯੋਗਦਾਨ’ ਜ਼ਰੀਏ ਹਰ ਨਾਗਰਿਕ ਨੂੰ ਇੱਕ ਸੇਵਾ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਹਰ ਵਿਧਾਨ ਸਭਾ ਅਤੇ ਬਲਾਕ ਪੱਧਰ ’ਤੇ ਇੱਕ ਹਫ਼ਤੇ ਲਈ ‘ਸੇਵਾ ਸੇਤੂ’ ਕੈਂਪ ਲਗਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ, ਜਦੋਂ ਕਿ ਪ੍ਰਮੁੱਖ ਥਾਵਾਂ ’ਤੇ ‘ਸੇਵਾ ਦੇ ਰੰਗ, ਰਾਸ਼ਟਰ ਦੇ ਸੰਗ’ ਤਹਿਤ ਰੰਗੋਲੀਆਂ ਬਣਾਈਆਂ ਜਾਣਗੀਆਂ। ‘ਜਨ ਸੇਵਕ ਮਹਾਕੁੰਭ’ ਰਾਹੀਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਜੋੜਿਆ ਜਾਵੇਗਾ। ਇਸ ਤੋਂ ਇਲਾਵਾ 25 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਜਯੰਤੀ ਮਨਾਈ ਜਾਵੇਗੀ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਮੌਕੇ ਸਵੱਛ ਭਾਰਤ ਅਭਿਆਨ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਕੇਵਲ ਸਿੰਘ ਢਿੱਲੋਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਭਾਜਪਾ ਇਸ ਅਭਿਆਨ ਨੂੰ ਪੂਰੀ ਤਨਦੇਹੀ ਨਾਲ ਸਫ਼ਲ ਬਣਾਏਗੀ।



