

ਚੰਡੀਗੜ੍ਹ, 24 ਸਤੰਬਰ:
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗਮਾਡਾ ਸਮੇਤ ਕਈ ਥਾਵਾਂ ’ਤੇ ਈਡੀ ਦੀ ਕਾਰਵਾਈ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ‘ਸਿਆਸੀ ਬਦਲਾਖੋਰੀ’ ਨਾਲ ਕੀਤੀ ਜਾ ਰਹੀ ਕਾਰਵਾਈ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਬਿਆਨਾਂ ’ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਜਾਂਚ ਏਜੰਸੀ ਦੀ ਕਾਰਵਾਈ ਤੋਂ ਘਬਰਾਈ ਆਮ ਆਦਮੀ ਪਾਰਟੀ ਹੁਣ ਸਿਆਸੀ ਬਹਾਨੇ ਲੱਭ ਰਹੀ ਹੈ।
ਢਿੱਲੋਂ ਨੇ ਕਿਹਾ ਕਿ ਈ਼ਡੀ ਨੇ ਕਿੰਨੀਆਂ ਹੀ ਚਿੱਠੀ ਲਿਖ ਕੇ ਪੰਜਾਬ ਪੁਲਿਸ ਨੂੰ ਐਫ਼ਆਈਆਰ ਦਰਜ ਕਰਨ ਲਈ ਕਿਹਾ ਸੀ, ਪਰ ਪੰਜਾਬ ਆਪ ਸਰਕਾਰ ਨੇ ਇਹ ਕਾਰਵਾਈ ਨਹੀ ਕੀਤੀ। ਇਸ ਦੇ ਦਾਗੀ ਅਧਿਕਾਰੀ ਈਡੀ ਅੱਗੇ ਨਾ ਪੇਸ਼ ਹੋ ਕੇ ਮਾਮਲੇ ਨੂੰ ਲਕਾਉਂਦੇ ਰਹੇ ਹਨ। ਪਰ ਹੁਣ ਜਦੋਂ ਈਡੀ ਆਪ ਜਾਂਚ ਕਰ ਰਹੀ ਹੈ ਤਾਂ ਇਸ ਵਿੱਚ ਘਬਰਾਹਟ ਕਿਉਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਈਡੀ ਦੀ ਜਾਂਚ ਦਾ ਜਵਾਬ ਪ੍ਰੈਸ ਕਾਨਫਰੰਸਾਂ ਜਾਂ ਧਰਨਿਆਂ ਰਾਹੀਆਂ ਨਹੀਂ, ਦਸਤਾਵੇਜ਼ਾਂ ਅਤੇ ਤੱਥਾਂ ਨਾਲ ਦੇਣਾ ਚਾਹੀਦਾ ਹੈ। ਜੇਕਰ ਗਮਾਡਾ ਨਾਲ ਜੁੜੇ ਸਾਰੇ ਫੈਸਲੇ ਅਤੇ ਲੈਣ-ਦੇਣ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਤਾਂ ਆਪ ਨੂੰ ਜਾਂਚ ਦਾ ਸਵਾਗਤ ਕਰਨਾ ਚਾਹੀਦਾ ਹੈ, ਨਾ ਕਿ ਹਰ ਕਾਨੂੰਨੀ ਕਾਰਵਾਈ ਨੂੰ ਚੋਣਾਂ ਨਾਲ ਜੋੜ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਗਮਾਡਾ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਖੁਦ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉਠਾਉਂਦੇ ਰਹੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਆਪਣੀ ਬੇਈਮਾਨੀ ਨੂੰ ਛੁਪਾਉਣ ਲਈ ਡਰਾਮੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਾ ਭਾਜਪਾ ਜਾਂਚ ਏਜੰਸੀਆਂ ਦਾ ਕੰਮ ਕਰਦੀ ਹੈ ਅਤੇ ਨਾ ਹੀ ਕਿਸੇ ਨੂੰ ਦੋਸ਼ੀ ਕਰਾਰ ਦਿੰਦੀ ਹੈ। ਕਾਨੂੰਨ ਆਪਣਾ ਕੰਮ ਕਰੇ ਅਤੇ ਸੱਚ ਸਾਹਮਣੇ ਆਵੇ ਅਤੇ ਭ੍ਰਿਸ਼ਟਾਚਾਰੀਆਂ ਦਾ ਜਵਾਬਦੇਹੀ ਤੈਅ ਹੋਵੇ ਇਹ ਤਾਂ ਯਕੀਨੀ ਬਣਨਾ ਹੀ ਚਾਹੀਦਾ ਹੈ।
ਸੂਬਾ ਪ੍ਰਧਾਨ ਢਿੱਲੋਂ ਨੇ ਆਮ ਆਦਮੀ ਪਾਰਟੀ ਵਲੋਂ ਗਮਾਡਾ ਦਫ਼ਤਰ ਅੱਗੇ ਕੀਤੀ ਹੁੱਲੜਬਾਜ਼ੀ ਦੀ ਵੀ ਨਿਖੇਧੀ ਕੀਤੀ।



