
ਬਜ਼ੁਰਗ ਸਾਡਾ ਅਨਮੋਲ ਸਰਮਾਇਆ, ਇਨ੍ਹਾਂ ਦੀ ਸੁਚੱਜੀ ਦੇਖਭਾਲ ਅਤੇ ਮਾਣ-ਸਤਿਕਾਰ ਸਾਡੀ ਸਭ ਦੀ ਜ਼ਿੰਮੇਵਾਰੀ: ਸਿਵਲ ਸਰਜਨ: ਡਾ ਰਾਜੇਸ਼ ਗਰਗ

ਜਲੰਧਰ, 01 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਰੈੱਡ ਕ੍ਰਾਸ ਸੀਨੀਅਰ ਸਿਟੀਜ਼ਨ ਹੋਮ ਮਕਸੂਦਾਂ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬਜ਼ੁਰਗ ਸਾਡਾ ਅਨਮੋਲ ਸਰਮਾਇਆ ਹਨ ਅਤੇ ਉਨ੍ਹਾਂ ਦੀ ਸਿਹਤ ਸੰਭਾਲ, ਦੇਖਭਾਲ ਅਤੇ ਮਾਣ-ਸਤਿਕਾਰ ਯਕੀਨੀ ਬਣਾਉਣਾ ਸਾਡੇ ਸਮਾਜ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਪਹਿਲ ਦੇ ਆਧਾਰ ‘ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੈਂਪ ਦੌਰਾਨ ਮੈਡੀਕਲ ਅਫ਼ਸਰ ਡਾ. ਮੋਨਿਕਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਟੀਮ ਵਿੱਚ ਸ਼ਾਮਲ ਸਟਾਫ਼ ਨਰਸ ਮਨੀਸ਼ਾ ਅਤੇ ਲੱਕੀ ਵੱਲੋਂ ਬਜ਼ੁਰਗਾਂ ਦੇ ਖ਼ੂਨ ਦੇ ਜ਼ਰੂਰੀ ਟੈਸਟ ਕੀਤੇ ਗਏ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਸੀਨੀਅਰ ਸਿਟੀਜ਼ਨ ਹੋਮ ਵਿਖੇ ਰਹਿ ਰਹੇ ਕੁੱਲ 10 ਬਜ਼ੁਰਗਾਂ ਵਿੱਚੋਂ ਕੈਂਪ ਦੌਰਾਨ 08 ਬਜ਼ੁਰਗਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ।
ਇਸ ਸਮੇਂ ਮੈਡੀਕਲ ਅਫ਼ਸਰ ਡਾ. ਮੋਨਿਕਾ ਨੇ ਬਜ਼ੁਰਗਾਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਦੀ ਖੈਰ-ਖ਼ਬਰ ਪੁੱਛੀ ਅਤੇ ਸਟਾਫ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਲਾਜ ਦੌਰਾਨ ਬਜ਼ੁਰਗਾਂ ਨਾਲ ਨਰਮੀ ਅਤੇ ਪਿਆਰ ਭਰਿਆ ਰਵੱਈਆ ਅਪਣਾਇਆ ਜਾਵੇ। ਉਨ੍ਹਾਂ ਬਜ਼ੁਰਗਾਂ ਨੂੰ ਸੰਤੁਲਿਤ ਖੁਰਾਕ, ਨਿੱਜੀ ਸਫ਼ਾਈ ਅਤੇ ਹਲਕੀ-ਫੁਲਕੀ ਕਸਰਤ ਵੱਲ ਧਿਆਨ ਦੇਣ ਲਈ ਪੋ੍ਤਸਾਹਿਤ ਵੀ ਕੀਤਾ।
ਇਸ ਮੌਕੇ ਰੈੱਡ ਕ੍ਰਾਸ ਸੋਸਾਇਟੀ ਜਲੰਧਰ ਦੇ ਸਕੱਤਰ ਸੁਰਜੀਤ ਲਾਲ ਸਹੋਤਾ ਅਤੇ ਸੀਨੀਅਰ ਸਿਟੀਜਨ ਹੋਮ ਦੇ ਮੈਨੇਜਰ ਦੀਪਤੀ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਸਿਹਤ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ। ਕੈਂਪ ਵਿੱਚ ਸਿਹਤ ਵਿਭਾਗ ਦੇ ਫੀਲਡ ਸਟਾਫ਼ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।


