
ਐਨਆਈਟੀ ਜਲੰਧਰ ਦੇ ਵਿਦਿਆਰਥੀਆਂ ਨੇ ‘ਖਿੰਪ’ ਦੇ ਰੇਸ਼ੇ ਤੋਂ ਕੱਪੜਾ ਬਣਾਉਣ ਦੇ ਪ੍ਰੋਜੈਕਟ ਲਈ ਜਿੱਤਿਆ ਪਹਿਲਾ ਇਨਾਮ

ਐਨਆਈਟੀ ਜਲੰਧਰ ਦੇ ਵਿਦਿਆਰਥੀਆਂ ਦੀ ਟੀਮ ‘ਖਿੰਪਰਾ’ ਨੇ ‘ਸੰਰਚਨਾ 2026’ ਵਿੱਚ ਪਹਿਲਾ ਇਨਾਮ ਹਾਸਲ ਕੀਤਾ ਹੈ। ਇਹ ਮੁਕਾਬਲਾ 29 ਤੋਂ 31 ਅਕਤੂਬਰ ਤੱਕ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਟੀਮ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ। ਟੀਮ ਵਿੱਚ ਟੈਕਸਟਾਈਲ ਟੈਕਨਾਲੋਜੀ ਵਿਭਾਗ ਦੇ ਆਖਰੀ ਸਾਲ ਦੇ ਬੀ.ਟੈਕ. ਵਿਦਿਆਰਥੀ ਪੰਕਜ ਅਤੇ ਮਹਿਕ ਸ਼ਾਮਲ ਹਨ। ਉਨ੍ਹਾਂ ਨੇ ਡਾ. ਮੁਕੇਸ਼ ਬਾਜਿਆ ਦੀ ਅਗਵਾਈ ਹੇਠ ਇਹ ਪ੍ਰੋਜੈਕਟ ਤਿਆਰ ਕੀਤਾ। ਇਸ ਵਿੱਚ ਥਾਰ ਦੇ ਰੇਗਿਸਤਾਨ ਵਿੱਚ ਪਾਏ ਜਾਣ ਵਾਲੇ ਖਿੰਪ ਦੇ ਪੌਦੇ ਤੋਂ ਕੁਦਰਤੀ ਰੇਸ਼ਾ ਕੱਢ ਕੇ ਉਸ ਤੋਂ ਕੱਪੜਾ ਤਿਆਰ ਕਰਨ ‘ਤੇ ਕੰਮ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਰਾਹੀਂ ਖਿੰਪ ਦੇ ਰੇਸ਼ੇ ਨੂੰ ਕੱਪੜਾ ਬਣਾਉਣ ਲਈ ਵਰਤਣ ਦੀਆਂ ਸੰਭਾਵਨਾਵਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਸਥਾਨਕ ਲੋਕਾਂ ਲਈ ਕਮਾਈ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 350 ਤੋਂ ਵੱਧ ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ 26 ਟੀਮਾਂ ਨੂੰ ਆਪਣੇ ਪ੍ਰੋਜੈਕਟ ਦਿਖਾਉਣ ਲਈ ਚੁਣਿਆ ਗਿਆ ਅਤੇ ਅੱਠ ਟੀਮਾਂ ਆਖਰੀ ਪੜਾਅ ਤੱਕ ਪਹੁੰਚੀਆਂ। ਐਨਆਈਟੀ ਜਲੰਧਰ ਦੀ ਟੀਮ ‘ਖਿੰਪਰਾ’ ਨੇ ਇਨ੍ਹਾਂ ਟੀਮਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਐਨਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਅਤੇ ਟੈਕਸਟਾਈਲ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਲਲਿਤ ਜਾਜਪੂਰਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਡਾ. ਮੁਕੇਸ਼ ਬਾਜਿਆ ਨੂੰ ਵਧਾਈ ਦਿੱਤੀ।



