
ਚੰਡੀਗੜ੍ਹ ਜੁਲਾਈ 13
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੂਜੀ ਵਾਰ ਲਿਆਂਦੀ ‘ਲੈਂਡ ਪੂਲਿੰਗ ਪਾਲਿਸੀ’ ਵਿੱਚ ਮੋਟਰ ਕਨੈਕਸ਼ਨ ਦੇਣ ਦੇ ਦਿੱਤੇ ਜਾ ਰਹੇ ਲਾਲਚ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਬੇਹੱਦ ਹਾਸੋਹੀਣੀ ਅਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ।
ਭਾਜਪਾ ਪ੍ਰਧਾਨ ਨੇ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਕਿ ਜੇਕਰ ਸਰਕਾਰ ਲੈਂਡ ਪੂਲਿੰਗ ਰਾਹੀਂ ਕਿਸਾਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਹੀ ਖੋਹ ਲਵੇਗੀ, ਤਾਂ ਕਿਸਾਨ ਉਨ੍ਹਾਂ ਮੋਟਰ ਕਨੈਕਸ਼ਨਾਂ ਨੂੰ ਕਿੱਥੇ ਲਗਾਉਣਗੇ ਅਤੇ ਕੀ ਕਰਨਗੇ?
ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੇ ਇਸ ਪਾਲਿਸੀ ਦਾ ਡੱਟ ਕੇ ਵਿਰੋਧ ਕੀਤਾ ਸੀ, ਕਿਉਂਕਿ ਕਿਸਾਨ ਬਹੁਤ ਸਪੱਸ਼ਟ ਹਨ ਕਿ ਉਹ ਆਪਣੀ ਜ਼ਮੀਨ ਦੇਣਾ ਹੀ ਨਹੀਂ ਚਾਹੁੰਦੇ। ਕਿਸਾਨਾਂ ਨੇ ਕਦੇ ਵੀ ਮੁਆਵਜ਼ਾ ਵਧਾਉਣ-ਘਟਾਉਣ ਜਾਂ ਬਦਲੇ ਵਿੱਚ ਪਲਾਟਾਂ ਦੀ ਮੰਗ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਤੋਂ ਆਏ ‘ਆਪ’ ਦੇ ਘੁਟਾਲੇਬਾਜ਼ ਅਤੇ ਹਾਰੇ ਹੋਏ ਨੇਤਾ ਪੰਜਾਬ ਦੇ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਉੱਪਰ ਅੱਖ ਰੱਖੀ ਬੈਠੇ ਹਨ, ਜਿਸ ਕਾਰਨ ਇਸ ਫੇਲ੍ਹ ਹੋ ਚੁੱਕੀ ਪਾਲਿਸੀ ਨੂੰ ਦੂਜੀ ਵਾਰ ਜ਼ਬਰਦਸਤੀ ਪੰਜਾਬ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਵਾਪਸ ਹੋਈ ਲੈਂਡ ਪੂਲਿੰਗ ਪਾਲਿਸੀ ਦੀ ਰੜਕ ਅਜੇ ਵੀ ਮਨ ਵਿੱਚ ਰੱਖੀ ਬੈਠੇ ਹਨ। ਕਿਸਾਨਾਂ ਹੱਥੋਂ ਮਿਲੀ ਹਾਰ ਨੂੰ ਉਹ ਭੁੱਲ ਨਹੀਂ ਪਾ ਰਹੇ ਅਤੇ ਹੁਣ ਆਪਣੀ ਜ਼ਿੱਦ ਪੂਰੀ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਹੜਪਣ ‘ਤੇ ਉਤਾਰੂ ਹੋ ਗਏ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੇਵਲ ਸਿੰਘ ਢਿੱਲੋਂ ਨੇ ‘ਆਪ’ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਕਿਸਾਨ ਵਿਰੋਧੀ ਮਨਸ਼ਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ। ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਸਰਜ਼ਮੀਨ ਦੀ ਰਾਖੀ ਲਈ ਭਾਜਪਾ ਇਸ ਨੀਤੀ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਰ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਤੇ ਅੰਨਦਾਤੇ ਦੇ ਹੱਕਾਂ ‘ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ।