
ਜਲੰਧਰ (13.07.2026): ਸਿਹਤ ਵਿਭਾਗ ਵੱਲੋਂ “ਵਿਸ਼ਵ ਆਬਾਦੀ ਦਿਵਸ” ਸਬੰਧੀ 11 ਤੋਂ 18 ਜੁਲਾਈ 2026 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਵੱਲੋਂ ਸੋਮਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਪੀ.ਪੀ. ਯੂਨਿਟ ਵਿੱਚ ਲਗਾਏ ਪਰਿਵਾਰ ਨਿਯੋਜਨ ਕੈਂਪ ਦਾ ਜਾਇਜਾ ਲਿਆ ਗਿਆ ਅਤੇ ਦਾਖਲ ਮਰੀਜਾਂ ਦਾ ਹਾਲ-ਚਾਲ ਪੁੱਛਿਆ ਗਿਆ। ਸਿਵਲ ਸਰਜਨ ਵੱਲੋਂ ਹਸਪਤਾਲ ਵਿੱਚ ਦਾਖਲ ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚਿਆਂ ਦੀਆਂ ਮਾਵਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਮਰੀਜਾਂ ਅਤੇ ਉਨ੍ਹਾਂ ਦੇ ਸਬੰਧੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਵਿਸ਼ਵ ਆਬਾਦੀ ਦਿਵਸ-2026″ ਸਿਹਤ ਵਿਭਾਗ ਵੱਲੋਂ ”ਜਦੋਂ ਬੱਚਿਆਂ ਵਿੱਚ ਹੋਵੇ ਅੰਤਰਾਲ, ਪਰਿਵਾਰ ਹੋਵੇ ਤੰਦਰੁਸਤ ਅਤੇ ਖੁਸ਼ਹਾਲ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ। ਜਿਸਦੇ ਤਹਿਤ ਜਿਲ੍ਹੇ ਵਿੱਚ ਵੱਖ-ਵੱਖ ਸਰਕਾਰੀ ਸਿਹਤ ਸੰਸਥਾਂਵਾਂ ਵਿੱਚ 11 ਜੁਲਾਈ ਤੋਂ 18 ਜੁਲਾਈ 2026 ਤੱਕ ਪਰਿਵਾਰ ਨਿਯੋਜਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾ ਵਿੱਚ ਸਿਹਤ ਵਿਭਾਗ ਦੇ ਮਾਹਿਰ ਸਰਜਨ ਵਲੋਂ ਨਲਬੰਦੀ, ਨਸਬੰਦੀ ਦੇ ਆਪਰੇਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਪਰਿਵਾਰ ਨਿਯੋਜਨ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਪਰਿਵਾਰ ਸੀਮਤ ਰੱਖਣ ਲਈ ਪਰਿਵਾਰ ਭਲਾਈ ਦੇ ਸਥਾਈ ਤੇ ਅਸਥਾਈ ਸਾਧਨਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਪੀ.ਪੀ. ਯੂਨਿਟ ਸਿਵਲ ਹਸਪਤਾਲ, ਜਲੰਧਰ ਵਿਖੇ ਅੱਜ ਪਰਿਵਾਰ ਭਲਾਈ ਕੈਂਪ ਦੌਰਾਨ 6 ਨਲਬੰਦੀ ਦੇ ਆਪਰੇਸ਼ਨ ਕੀਤੇ ਗਏ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਸੀ.ਐਚ.ਸੀ. ਕਰਤਾਰਪੁਰ ਵਿਖੇ ਲਗਾਏ ਗਏ ਪਰਿਵਾਰ ਭਲਾਈ ਕੈਂਪ ਦੌਰਾਨ ਵੀ 6 ਨਲਬੰਦੀ ਦੇ ਆਪਰੇਸ਼ਨ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਐਸ.ਡੀ.ਐਚ ਫਿਲੌਰ, 15 ਜੁਲਾਈ ਨੂੰ ਸੀ.ਐਚ.ਸੀ. ਆਦਮਪੁਰ, 16 ਜੁਲਾਈ ਨੂੰ ਪੀ.ਪੀ.ਯੂਨਿਟ ਸਿਵਲ ਹਸਪਤਾਲ, 17 ਜੁਲਾਈ ਨੂੰ ਐਸਡੀਐਚ ਨਕੋਦਰ ਅਤੇ 18 ਜੁਲਾਈ ਸੀ.ਐਚ.ਸੀ. ਆਦਮਪੁਰ ਵਿਖੇ ਵੀ ਕੈਂਪ ਲਗਾਇਆ ਜਾਵੇਗਾ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵਲੋਂ ਦੱਸਿਆ ਗਿਆ ਕਿ ਸੀਮਤ ਪਰਿਵਾਰ ਖੁਸ਼ਹਾਲੀ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਨਸਬੰਦੀ/ਨਲਬੰਦੀ ਆਪਰੇਸ਼ਨ ਕਰਨ ਲਈ ਬਹੁਤ ਥੋੜਾ ਸਮਾਂ ਲੱਗਦਾ ਹੈ ਅਤੇ ਮਰੀਜ ਜਲਦ ਹੀ ਆਪਣੇ ਰੋਜਾਨਾ ਦੇ ਕੰਮਕਾਜ ਆਸਾਨੀ ਨਾਲ ਕਰ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰ ਸੰਪੂਰਨ ਹੋ ਚੁੱਕੇ ਹਨ, ਭਾਵ ਉਨ੍ਹਾਂ ਦੇ ਦੋ ਬੱਚੇ ਹੋ ਚੁੱਕੇ ਹਨ ਅਜਿਹੇ ਪਰਿਵਾਰਾਂ ਦੇ ਮਰਦ/ਔਰਤਾਂ ਨੂੰ ਆਪਣੇ ਨਸਬੰਦੀ/ਨਲਬੰਦੀ ਅਪਰੇਸ਼ਨ ਕਰਵਾ ਕੇ ਪਰਿਵਾਰ ਸੀਮਤ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਐਸ.ਐਮ.ਓ. ਡਾ. ਇੰਦੂ ਬਾਲਾ, ਡਾ. ਉਨੱਤੀ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਰਵਿੰਦਰ ਜੱਸਲ ਅਤੇ ਜਿਲ੍ਹਾ ਬੀਸੀਸੀ ਕੌਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।