
ਜਲੰਧਰ (27 ਅਪ੍ਰੈਲ 2026) – ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਸਰਜਨ ਦਫ਼ਤਰ ਵਿਖੇ ‘ਆਸ਼ਾ ਦਿਵਸ’ ਮਨਾਇਆ ਗਿਆ। ਇਸ ਸਮਾਗਮ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਦੀ ਦੇਖ-ਰੇਖ ਹੇਠ ਸ਼ਹਿਰੀ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਬਿਹਤਰੀਨ ਆਸ਼ਾ ਵਰਕਰਾਂ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਸਭ ਤੋਂ ਪਹਿਲਾਂ ਆਸ਼ਾ ਵਰਕਰਾਂ ਨੂੰ ‘ਆਸ਼ਾ ਦਿਵਸ’ ਦੀ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ‘ਆਸ਼ਾ ਦਿਵਸ’ ਮਨਾਉਣ ਦਾ ਮੁੱਖ ਮੰਤਵ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਸਨਮਾਨਿਤ ਕਰਨਾ ਅਤੇ ਉਨ੍ਹਾਂ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ “ਮੁੱਖ ਮੰਤਰੀ ਸਿਹਤ ਯੋਜਨਾ” ਦੇ ਸ਼ੁਰੂਆਤੀ ਦੌਰ ਵਿੱਚ ਹੀ ਇਸ ਨੂੰ ਮਿਲੀ ਵੱਡੀ ਸਫਲਤਾ ਵਿੱਚ ਇਨ੍ਹਾਂ ਵਰਕਰਾਂ ਦਾ ਯੋਗਦਾਨ ਬਹੁਤ ਅਹਿਮ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਸ਼ਾ ਵਰਕਰ ਪਹਿਲਾ ਸਥਾਨ ਸੁਖਵਿੰਦਰ ਕੌਰ (ਸੀ.ਐਚ.ਸੀ. ਬਸਤੀ ਗੁਜ਼ਾਂ), ਦੂਜਾ ਸਥਾਨ ਆਸ਼ਾ ਵਰਕਰ ਕਮਲਜੀਤ ਕੌਰ (ਪੀ.ਐਚ.ਸੀ. ਅਮਨ ਨਗਰ) ਅਤੇ ਤੀਜਾ ਸਥਾਨ ਆਸ਼ਾ ਵਰਕਰ ਅਮਰਜੀਤ ਕੌਰ (ਪੀ.ਐਚ.ਸੀ. ਅਮਨ ਨਗਰ) ਨੂੰ ਉਨ੍ਹਾਂ ਦੀਆ ਬਿਹਤਰ ਸਿਹਤ ਸੇਵਾਵਾਂ ਲਈ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਨੇ ਆਸ਼ਾ ਵਰਕਰਾਂ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਹਾਈ-ਰਿਸਕ ਗਰਭਵਤੀ ਮਹਿਲਾਵਾਂ (HRP) ਦੀ ਪਛਾਣ ਕਰਨ ਅਤੇ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ‘ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ’ (ਪੀਐੱਮਐੱਸਐੱਮਏ) ਤਹਿਤ ਗਰਭਵਤੀ ਮਹਿਲਾਵਾਂ ਦਾ ਚੈੱਕਅਪ ਯਕੀਨੀ ਬਣਾਉਣ ਵਿੱਚ ਆਸ਼ਾ ਵਰਕਰਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਆਸ਼ਾ ਦਿਵਸ ਮਨਾਉਣ ਦਾ ਮੰਤਵ ਵੀ ਆਸ਼ਾ ਵਰਕਰਾਂ ਦੁਆਰਾ ਜ਼ਮੀਨੀ ਪੱਧਰ ‘ਤੇ ਕੀਤੀ ਜਾ ਰਹੀ ਸਿਹਤ ਸੇਵਾ, ਖਾਸ ਕਰਕੇ ਮਾਵਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ, ਟੀਕਾਕਰਨ ਅਤੇ ਸੰਸਥਾਗਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਨਮਾਨ ਦੇ ਕੇ ਉਨ੍ਹਾਂ ਨੂੰ ਇਸੇ ਤਰ੍ਹਾਂ ਆਪਣੇ ਕੰਮ ਨੂੰ ਹੋਰ ਵੀ ਉਤਸਾਹ ਨਾਲ ਕਰਨ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਸ਼ਾ ਵਰਕਰਾਂ ਸਿਹਤ ਵਿਭਾਗ ਅਤੇ ਲੋਕਾਂ ਵਿਚਕਾਰ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰ ਰਹੀਆਂ ਹਨ। ਇਨ੍ਹਾਂ ਦੇ ਯਤਨਾ ਸਦਕਾ ਹੀ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਵਾਲੀਆਂ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਜਾਣਾ ਉਨ੍ਹਾਂ ਨੂੰ ਆਪਣੇ ਕੰਮ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਕਰਨ ਲਈ ਉਤਸਾਹਿਤ ਕਰੇਗਾ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਆਸ਼ਾ ਫੈਸਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ।