ਜਲੰਧਰ (27-04-2026) – ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਵਿੱਚ ਸਿਵਲ ਸਰਜਨ ਦਫਤਰ ਜਲੰਧਰ ਦੇ ਬਲਾਕਾਂ ਦੀਆਂ ਆਰ.ਬੀ.ਐਸ.ਕੇ. ਟੀਮਾਂ ਅਤੇ ਅਪਥੈਲਮਿਕ ਅਫਸਰਾਂ ਨੂੰ ਹੈਂਡ ਹੈਲਡ ਆਟੋ ਰੀਫ੍ਰੈਕਟੋਮੀਟਰ ਮਸ਼ੀਨ ਦੀ ਕਾਰਜਪ੍ਰਣਾਲੀ ਸੰਬੰਧੀ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਟ੍ਰੇਨਰ ਅਵੀਨਾਸ਼ ਕੌਸ਼ਲ ਫੋਰਸ ਹੈਲਥ ਕੰਪਨੀ ਪ੍ਰਾਈਵੇਟ ਲਿਮਟਿਡ, ਬੰਗਲੌਰ ਵੱਲੋਂ ਦਿੱਤੀ ਗਈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਆਟੋ ਰੀਫ੍ਰੈਕਟੋਮੀਟਰ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਂਡ-ਹੈਲਡ ਆਟੋ ਰੀਫ੍ਰੈਕਟੋਮੀਟਰ ਇੱਕ ਛੋਟਾ, ਬੈਟਰੀ ਨਾਲ ਚੱਲਣ ਵਾਲਾ ਯੰਤਰ ਹੈ ਜੋ ਅੱਖਾਂ ਦਾ ਪਾਵਰ ਨੰਬਰ ਤੁਰੰਤ ਨਾਪਦਾ ਹੈ। ਇਹ ਡਾਕਟਰਾਂ/ਆਪਟੋਮੈਟ੍ਰਿਸਟਾਂ ਵਲੋਂ ਬੱਚਿਆਂ ਜਾਂ ਬੈੱਡ-ਰਿਡਨ ਮਰੀਜ਼ਾਂ ਦੀ ਅੱਖ ਚੈੱਕ ਕਰਨ ਲਈ ਵਰਤਿਆ ਜਾਂਦਾ ਹੈ ਜੋ ਵੱਡੀ ਮਸ਼ੀਨ ਤੇ ਨਹੀਂ ਬੈਠ ਸਕਦੇ। ਉਨ੍ਹਾਂ ਨੇ ਆਟੋ ਰੀਫ੍ਰੈਕਟੋਮੀਟਰ ਦੇ ਕੰਮ ਕਰਨ ਬਾਰੇ ਦੱਸਿਆ ਕਿ ਸਕ੍ਰੀਨਿੰਗ ਕਰਦੇ ਸਮੇਂ ਸਭ ਤੋਂ ਪਹਿਲਾਂ ਇਸਨੂੰ ਜਾਂਚ ਕਰਵਾਉਣ ਵਾਲੇ ਵਿਅਕਤੀ ਦੀ ਅੱਖ ‘ਤੇ ਲਗਾ ਕੇ ਬਟਨ ਦਬਾਉਂਦੇ ਹਾਂ। ਇਹ ਅੱਖ ਅੰਦਰ ਇਨਫਰਾਰੈੱਡ ਰੋਸ਼ਨੀ ਸੁੱਟਦਾ ਹੈ। ਰੈਟੀਨਾ ਤੋਂ ਵਾਪਸ ਆਈ ਰੋਸ਼ਨੀ ਨੂੰ ਸੈਂਸਰ ਪੜ੍ਹ ਕੇ ਅੱਖਾਂ ਦਾ ਨੰਬਰ 2-3 ਸਕਿੰਟਾਂ ਵਿੱਚ ਕੱਢ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ 19 ਆਰ.ਬੀ.ਐਸ.ਕੇ. ਟੀਮਾਂ ਨੂੰ ਇਹ ਆਟੋ ਰੀਫ੍ਰੈਕਟੋਮੀਟਰ ਦਿੱਤੇ ਜਾਣਗੇ। ਜਿਸ ਨਾਲ ਸਕੂਲੀ ਬੱਚਿਆਂ ਦੀਆਂ ਅੱਖਾਂ ਦਾ ਮੁਆਇਨਾ ਕਰਨ ਉਪਰੰਤ ਮੌਕੇ ‘ਤੇ ਨਜ਼ਰ ਘੱਟ ਹੋਣ ਸਬੰਧੀ ਨੰਬਰ ਮੁਹੱਈਆ ਹੋ ਜਾਇਆ ਕਰੇਗਾ, ਜੋ ਐਨਕਾਂ ਬਣਾਉਣ ਵਿੱਚ ਮਦਦਗਾਰ ਹੋਣਗੇ।
ਅਵੀਨਾਸ਼ ਕੋਸ਼ਲ ਵੱਲੋਂ ਇਹ ਟ੍ਰੇਨਿੰਗ ਪ੍ਰੈਕਟੀਕਲ ਕਰਕੇ ਦਿੱਤੀ ਗਈl ਐਸ.ਐਮ.ਓ. ਡਾ. ਗੁਰਪ੍ਰੀਤ ਕੌਰ ਅਤੇ ਮੈਡੀਕਲ ਅਫ਼ਸਰ ਰੋਹਿਤ ਭਨੋਟ ਵੱਲੋਂ ਵੀ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਜਿਲਾ ਟੀਕਾਕਰਨ ਅਫ਼ਸਰ ਰਾਕੇਸ਼ ਚੋਪੜਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ, ਐਸ.ਐਮ.ਓ. ਡਾ. ਪਰਮਜੀਤ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਸਕੂਲ ਹੈਲਥ ਕੋਡੀਨੇਟਰ ਪਰਮਵੀਰ ਝਮਟ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਅਪਥੈਲਮਿਕ ਅਫ਼ਸਰ ਹਾਜ਼ਰ ਸਨ।