

ਜਲੰਧਰ (06.11.2026) – “ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ” ਦੇ ਮੱਦੇਨਜਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜ਼ਿਲ੍ਹਾ ਵਾਸੀਆਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਜੇਕਰ ਸ਼ੁਰੂਆਤੀ ਦੌਰ ਵਿੱਚ ਪਤਾ ਲਗਾ ਲਿਆ ਜਾਵੇ ਤਾਂ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ, ਇਸ ਲਈ ਸਹੀ ਜਾਣਕਾਰੀ, ਸਮੇਂ ਸਿਰ ਜਾਂਚ ਅਤੇ ਇਲਾਜ ਹੀ ਕੈਂਸਰ ਤੋਂ ਬਚਾਅ ਦਾ ਸਭ ਤੋਂ ਵੱਡਾ ਸਾਧਨ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੰਟ ਡਾ. ਨਮਿਤਾ ਘਈ ਦੀ ਅਗਵਾਈ ਹੇਠ ਸਿਵਲ ਹਸਪਤਾਲ ਜਲੰਧਰ ਵਿਖੇ ਚੱਲ ਰਹੇ ਡੇਅ-ਕੇਅਰ ਕੈਂਸਰ ਸੈਂਟਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਉੱਥੇ ਇਲਾਜ ਕਰਵਾ ਰਹੇ ਕੈਂਸਰ ਮਰੀਜ਼ਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ।
ਜਿਕਰਯੋਗ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਦੇ ਡੇਅ-ਕੇਅਰ ਸੈਂਟਰ ਵਿਖੇ ਬਿਹਤਰ ਇਲਾਜ ਦਿੱਤਾ ਜਾ ਰਿਹਾ ਹੈ, ਜਿੱਥੇ ਇਲਾਜ ਤੋਂ ਸੰਤੁਸ਼ਟ ਮਰੀਜ਼ਾਂ ਦਾ ਮਨੋਬਲ ਕਾਫ਼ੀ ਉੱਚਾ ਦੇਖਣ ਨੂੰ ਮਿਲਿਆ। ਜੁਲਾਈ 2025 ਨੂੰ ਸ਼ੁਰੂ ਹੋਏ ਇਸ ਡੇਅ-ਕੇਅਰ ਕੈਂਸਰ ਸੈਂਟਰ ਵਿੱਚ ਹੁਣ ਤੱਕ ਕੁੱਲ 1241 ਕੀਮੋਥੈਰੇਪੀ ਸਾਈਕਲ ਸੇਵਾਵਾਂ ਦਾ ਮਰੀਜ਼ ਲਾਭ ਲੈ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇਕੱਲੇ ਅਕਤੂਬਰ ਮਹੀਨੇ ਦੌਰਾਨ ਹੀ 151 ਕੀਮੋਥੈਰੇਪੀ ਸਾਈਕਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੈਂਟਰ ਵਿਖੇ ਡਾਇਗਨੋਸਟਿਕ ਅਤੇ ਹੋਰ ਪੈਲੀਏਟਿਵ ਸੇਵਾਵਾਂ (Palliative Services) ਵੀ ਨਿਰੰਤਰ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਮੈਡੀਕਲ ਸੁਪਰਡੰਟ ਡਾ. ਨਮਿਤਾ ਘਈ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਕੈਂਸਰ ਮਰੀਜ਼ਾਂ ਨੂੰ ਇੱਕੋ ਛੱਤ ਹੇਠ ਵਿਸ਼ੇਸ਼ ਸਿਹਤ ਸੁਵਿਧਾਵਾਂ, ਸਮੇਂ ਸਿਰ ਡਾਇਗਨੋਸਿਸ ਅਤੇ ਵਧੀਆ ਦੇਖਭਾਲ ਮੁਹੱਈਆ ਕਰਵਾਉਣਾ ਵਿਭਾਗ ਦੀ ਮੁੱਖ ਪ੍ਰਾਥਮਿਕਤਾ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਾ. ਪ੍ਰਭਸ਼ਰਨ ਓਨਕੋਲੋਜਿਸਟ ਇੰਚਾਰਜ ਡੇਅ ਕੇਅਰ ਕੈਂਸਰ ਸੈਂਟਰ, ਐਸਐਮਓ ਡਾ. ਸੁਰਜੀਤ ਸਿੰਘ, ਐਸਐਮਓ ਡਾ. ਪ੍ਰਿਆ ਕੌਸ਼ਲ, ਐਸਐਮਓ ਡਾ. ਵਰਿੰਦਰ ਕੌਰ ਥਿੰਦ, ਐਸਐਮਓ ਡਾ. ਹਰਵੀਨ, ਡਿਪਟੀ ਐਮਈਆਈਓ ਅਸੀਮ ਸ਼ਰਮਾ ਅਤੇ ਸਟਾਫ਼ ਨਰਸ ਰਾਣੀ ਤੇ ਗੁਰਲੀਨ ਵੀ ਮੌਜੂਦ ਸਨ।
ਸਕੂਲੀ ਵਿਦਿਆਰਥੀਆਂ ਨੂੰ ਸਹੀ ਜੀਵਨ ਸ਼ੈਲੀ ਅਤੇ ਕੈਂਸਰ ਪ੍ਰਤੀ ਸ਼ੁਰੂਆਤੀ ਲੱਛਣਾਂ ਪ੍ਰਤੀ ਕੀਤਾ ਜਾਗਰੂਕ
ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਕੈਂਸਰ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ, ਬਸਤੀ ਬਾਵਾ ਖੇਲ ਵਿਖੇ ਆਰ.ਬੀ.ਐਸ.ਕੇ. ਟੀਮ ਵੱਲੋਂ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਦੇਵ, ਡਾ. ਮੋਨਿਕਾ ਅਤੇ ਫਾਰਮਾਸਿਸਟ ਕਾਮਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡਾ. ਦੇਵ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਸਹੀ ਜੀਵਨ ਸ਼ੈਲੀ ਅਤੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਜਾਗਰੂਕ ਕੀਤਾ ਅਤੇ ਇਸ ਸਬੰਧੀ ਜਾਣਕਾਰੀ ਆਪਣੇ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਸਮਾਜ ਵਿੱਚ ਇਸ ਬੀਮਾਰੀ ਪ੍ਰਤੀ ਫੈਲੀਆਂ ਭਰਾਂਤੀਆਂ ਨੂੰ ਦੂਰ ਕਰਕੇ ਇੱਕ ਸਿਹਤਮੰਦ ਭਵਿੱਖ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਭਜੋਤ ਕੌਰ, ਸਕੂਲ ਟੀਚਰ ਮੈਡਮ ਨੀਲੂ ਅਤੇ ਸਿਮੀ ਮੌਜੂਦ ਸਨ।



