Sliderपंजाब

21 ਅਤੇ 22 ਅਕਤੂਬਰ ਨੂੰ ਪੰਜਾਬ ਭਰ ਵਿੱਚ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ

ਜਲੰਧਰ, 21 ਅਕਤੂਬਰ 2026

ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮ, ਅਧਿਆਪਕ ਅਤੇ ਪੈਨਸ਼ਨਰ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ 21 ਅਤੇ ਕੱਲ੍ਹ 22 ਅਕਤੂਬਰ ਨੂੰ 2 ਦਿਨ ਦੀ ਸਮੂਹਿਕ ਛੁੱਟੀ ‘ਤੇ ਹਨ।

ਇਸ ਸਬੰਧੀ ਅੱਜ 21 ਅਕਤੂਬਰ ਨੂੰ ਪੁੱਡਾ ਗਰਾਊਂਡ, ਜਲੰਧਰ ਵਿਖੇ ਸਾਂਝੀ ਤਾਲਮੇਲ ਕਮੇਟੀ ਦੇ ਬੈਨਰ ਹੇਠ ਵਿਸ਼ਾਲ ਜ਼ਿਲ੍ਹਾ ਪੱਧਰੀ ਮਹਾਂ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸਾਰੇ ਜ਼ਿਲ੍ਹੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮ ਪੈਨਸ਼ਨਰ ਸ਼ਾਮਲ ਹੋਏ।

ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਨੰਗਲ, ਨਵਪ੍ਰੀਤ ਬੱਲੀ, ਸੁਰਿੰਦਰ ਕੁਮਾਰ ਪੁਆਰੀ, ਕਰਨੈਲ ਫਿਲੌਰ, ਕੁਲਵਿੰਦਰ ਸਿੰਘ ਜੋਸਨ, ਸੁਭਾਸ਼ ਮੱਟੂ, ਸ.ਪਿਆਰਾ ਸਿੰਘ, ਅਵਤਾਰ ਲਾਲ, ਅਜਮੇਰ ਸਿੰਘ ਨੇ ਆਪਣੇ ਭਾਸ਼ਣਾਂ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਕੰਮ ਕਰ ਰਹੀ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਪੁਰਾਣੀ ਪੈਨਸ਼ਨ ਸਕੀਮ ਨੂੰ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਡੀ.ਏ. ਦੇ ਸਬੰਧ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਦਿੱਤੇ ਗਏ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੇ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ ਪੈਨਸ਼ਨਰਾਂ ਦਾ 2.59 ਦੇ ਗੁਣਾਂਕ ਨਾਲ ਪੈਨਸ਼ਨ ਫਿਕਸ ਕਰਨ ਦੀ ਮੰਗ ਕੀਤੀ ਗਈ। ਸਮੂਹ ਕੱਚੇ, ਆਊਟਸੋਰਸ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਕੀਤੀ ਗਈ। ਕੇਂਦਰੀ ਪੈਟਰਨ ਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਅਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਗਈ। ਮਾਣ ਭੱਤੇ ਵਾਲਿਆਂ ਨੂੰ ਘੱਟੋ-ਘੱਟ ਉਜਰਤ ਦਿੱਤੀ ਜਾਵੇ। 15-01-15 ਅਤੇ 17-07-2020 ਦਾ ਪੱਤਰ ਰੱਦ ਕੀਤਾ ਜਾਵੇ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਅਤੇ ਇਹਨਾਂ ਤੇ ਛੇਵਾਂ ਪੰਜਾਬ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਗਈ। ਪੇ-ਕਮਿਸ਼ਨ ਦੀਆਂ ਖਾਮੀਆਂ ਦੂਰ ਕਰਕੇ ਤਨਖਾਹਾਂ ਵਿੱਚ ਸੋਧ ਕੀਤੀ ਜਾਵੇ।ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਪਾਰਦਰਸ਼ੀ ਨੀਤੀ ਲਾਗੂ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਅਣਗਹਿਲੀ ਵਰਤ ਰਹੀ ਹੈ, ਜਿਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਜੇਕਰ ਇਸ ਰੈਲੀ ਤੋਂ ਬਾਅਦ ਵੀ ਸਰਕਾਰ ਨੇ ਗੱਲਬਾਤ ਦਾ ਰਾਹ ਨਾ ਅਪਣਾਇਆ ਤਾਂ ਸਾਂਝੀ ਤਾਲਮੇਲ ਕਮੇਟੀ ਵੱਲੋਂ 22 ਅਕਤੂਬਰ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਮੁਲਾਜ਼ਮਾਂ, ਅਧਿਆਪਕਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਰਾਖੀ ਲਈ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ। ਇਸ ਰੈਲੀ ਨੂੰ ਕੰਵਲਜੀਤ ਸੰਗੋਵਾਲ, ਮਾਸਟਰ ਮਨੋਹਰ ਲਾਲ, ਜਸਬੀਰ ਸਿੰਘ ਸੰਧੂ, ਪੁਸ਼ਪਿੰਦਰ ਵਿਰਦੀ, ਰਿਸ਼ੀ ਕੁਮਾਰ, ਚਰਨ ਸਿੰਘ ਬਾਠ, ਅਮਰਪ੍ਰੀਤ ਸਿੰਘ ਝੀਤਾ, ਮਾਸਟਰ ਕਮਲਜੀਤ ਮਲਹੋਤਰਾ, ਅਵਤਾਰ ਸਿੰਘ ਬਿਜਲੀ ਮੁਲਾਜ਼ਮ ਆਗੂ, ਸੁਰਜੀਤ ਕੌਰ, ਸ਼ਿੰਦਰ ਸਿੰਘ, ਚਰਨ ਸਿੰਘ ਬਾਠ,ਡਾ.ਤੇਜ਼ ਪ੍ਰਕਾਸ਼ ਸਿੰਘ, ਥੋੜੂ ਰਾਮ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜੋਰਾਵਰ ਸਿੰਘ, ਵਿਨੋਦ ਸਾਗਰ, ਪਵਨ ਕੁਮਾਰ, ਹਰਮਨਜੀਤ ਸਿੰਘ ਵੀ ਹਾਜ਼ਰ ਸਨ।

ਜਾਰੀ ਕਰਤਾ
ਸਾਂਝੀ ਤਾਲਮੇਲ ਕਮੇਟੀ, ਪੰਜਾਬ ਜ਼ਿਲ੍ਹਾ ਜਲੰਧਰ

Related Articles

Back to top button