SliderUncategorizedपंजाब

ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਸਭ ਤੋਂ ਕਾਰਗਰ ਉਪਰਾਲਾ: ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ

ਜਲੰਧਰ, 4 ਫਰਵਰੀ 2026 () “ਵਿਸ਼ਵ ਕੈਂਸਰ ਦਿਵਸ” ਮੌਕੇ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼, ਨਹਿਰੂ ਗਾਰਡਨ, ਜਲੰਧਰ ਵਿਖੇ ਕੈਂਸਰ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਕੀਤੀ ਗਈ। ਇਸ ਦੌਰਾਨ ਸਕੂਲੀ ਵਿਦਿਆਰਥਣਾਂ ਨੂੰ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੈਂਸਰ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ, ਸੰਬੰਧੀਆਂ ਅਤੇ ਹੋਰ ਲੋਕਾਂ ਨੂੰ ਵੀ ਕੈਂਸਰ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸੈਮੀਨਾਰ ਦੌਰਾਨ ਡਾ. ਰਮਨ ਗੁਪਤਾ ਨੇ ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਦੀ ਮੁੱਢਲੇ ਪੱਧਰ ‘ਤੇ ਪਛਾਣ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਨਿਯਮਿਤ ਸਵੈ-ਜਾਂਚ, ਸਮੇਂ ਸਿਰ ਸਕ੍ਰੀਨਿੰਗ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਕੈਂਸਰ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਇੱਕ ਕਾਰਗਰ ਉਪਰਾਲਾ ਹੈ, ਇਸ ਲਈ ਸਾਨੂੰ ਸਭ ਨੂੰ ਇਸ ਪ੍ਰਤੀ ਸਚੇਤ ਰਹਿਣ ਦੀ ਲੋੜ ਹੈ।

ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਹਿਊਮਨ ਪੈਪੀਲੋਮਾ ਵਾਇਰਸ (ਐੱਚ.ਪੀ.ਵੀ.) ਟੀਕਾਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਟੀਕਾਕਰਨ ਲੜਕੀਆਂ ਨੂੰ ਭਵਿੱਖ ਵਿੱਚ ਇਸ ਘਾਤਕ ਬੀਮਾਰੀ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਓਨਕੋਲੋਜਿਸਟ ਸਿਵਲ ਹਸਪਤਾਲ, ਜਲੰਧਰ ਡਾ. ਪ੍ਰਭਸ਼ਰਨ ਨੇ ਕੈਂਸਰ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦਿੰਦਿਆਂ ਓਰਲ ਕੈਂਸਰ ਪ੍ਰਤੀ ਸਚੇਤ ਕਰਦੇ ਹੋਏ ਕਿਹਾ ਕਿ ਤੰਬਾਕੂ, ਗੁਟਖਾ, ਪਾਨ-ਮਸਾਲਾ ਅਤੇ ਸਿਗਰਟਨੋਸ਼ੀ ਓਰਲ ਕੈਂਸਰ ਦੇ ਮੁੱਖ ਕਾਰਨ ਹਨ ਅਤੇ ਸਮੇਂ ਸਿਰ ਪਛਾਣ ਨਾਲ ਇਲਾਜ ਸੰਭਵ ਹੈ। ਸੈਮੀਨਾਰ ਦੌਰਾਨ ਆਰ.ਬੀ.ਐਸ.ਕੇ. ਟੀਮ ਦੇ ਡਾ. ਦੇਵ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਕਾਮਨਾ ਡਾ. ਮੋਨਿਕਾ ਵੱਲੋਂ ਵੀ ਵਿਦਿਆਰਥਣਾਂ ਨੂੰ ਕੈਂਸਰ ਸਮੇਤ ਗੈਰ-ਸੰਚਾਰੀ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਬੀਮਾ ਕਵਰ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸਕੂਲ ਪ੍ਰਿੰਸੀਪਲ ਮੈਡਮ ਗੋਹਰੀਨਾ ਵੱਲੋਂ ਸਿਵਲ ਸਰਜਨ ਦਫ਼ਤਰ ਜਲੰਧਰ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਸਚੇਤ ਅਤੇ ਸਸ਼ਕਤ ਬਣਾਉਂਦੇ ਹਨ। ਇਸ ਮੌਕੇ ਵੋਕੇਸ਼ਨਲ ਟ੍ਰੇਨਰ ਸ਼੍ਰੀਮਤੀ ਸ਼ਿਖਾ ਅਤੇ ਵੋਕੇਸ਼ਨਲ ਟ੍ਰੇਨਰ ਸ਼੍ਰੀਮਤੀ ਸਤਵਿੰਦਰ ਕੌਰ ਵੀ ਮੌਜੂਦ ਰਹੇ।

Related Articles

Back to top button