ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਸੋਧ ਬਿੱਲ ‘ਤੇ ਆਪਣਾ ਪੱਖ ਰੱਖਣ ਤੋਂ ਰੋਕਣਾ ਅਤੇ ਉਨ੍ਹਾਂ ਦਾ ਨਿਰਾਦਰ ਕਰਨਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ।

ਰਾਜਪਾਲ ਨੇ ਕਿਹਾ ਕਿ ਬੀਬਾ ਗਨੀਵ ਕੌਰ ਮਜੀਠੀਆ ਨੇ ਸਰਕਾਰ ਨੂੰ 29 ਜੂਨ 2026 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ ਉਹ ਵਾਅਦਾ ਯਾਦ ਕਰਵਾਇਆ, ਜਿਸ ਵਿੱਚ ਸਰਕਾਰ ਨੇ ਜਥੇਦਾਰ ਸਾਹਿਬ ਦੇ ਸਾਹਮਣੇ ਭਰੋਸਾ ਦਿੱਤਾ ਸੀ ਕਿ ਸੋਧ ਬਿੱਲ ਵਿੱਚ ਸੁਝਾਈਆਂ ਜਾਣ ਵਾਲੀਆਂ ਤਬਦੀਲੀਆਂ ਨੂੰ ਸ਼ਾਮਲ ਕਰਕੇ ਮੁੜ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੀਹ ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਇੱਕ ਵੀ ਸੁਝਾਅ ਨੂੰ ਲਾਗੂ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਸਪੀਕਰ ਕੁਲਤਾਰ ਸੰਧਵਾ ਵੱਲੋਂ ਵਿਧਾਨ ਸਭਾ ਨੂੰ “ਗੁਰੂ ਦੀ ਸੰਗਤ” ਦੱਸਣਾ ਹਕੀਕਤ ਤੋਂ ਕੋਹਾਂ ਦੂਰ ਹੈ। ਗੁਰੂ ਦੀ ਸੰਗਤ ਉਹ ਹੁੰਦੀ ਹੈ ਜਿੱਥੇ ਗੁਰਬਾਣੀ ਦਾ ਪ੍ਰਚਾਰ, ਨਾਮ ਸਿਮਰਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ, ਜਦਕਿ ਵਿਧਾਨ ਸਭਾ ਇੱਕ ਲੋਕਤੰਤਰੀ ਸੰਸਥਾ ਹੈ ਜਿੱਥੇ ਸਿਆਸੀ ਬਹਿਸ ਹੁੰਦੀ ਹੈ।

ਰਾਜਪਾਲ ਨੇ ਕਿਹਾ ਕਿ ਸਿੱਖ ਧਰਮ ਵਿੱਚ ਇਸਤਰੀ ਨੂੰ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਅਜਿਹੇ ਵਿੱਚ ਇੱਕ ਮਹਿਲਾ ਵਿਧਾਇਕ ਦਾ ਸਦਨ ਵਿੱਚ ਨਿਰਾਦਰ ਕਰਨਾ ਨਾਰੀ ਸਨਮਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੇ ਚੁਣੀਆਂ ਹੋਈਆਂ ਮਹਿਲਾ ਨੁਮਾਇੰਦਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇਗਾ ਤਾਂ ਇਹ ਸਮਾਜ ਲਈ ਗਲਤ ਸੰਦੇਸ਼ ਹੈ।

ਉਨ੍ਹਾਂ ਕਿਹਾ ਕਿ ਸੱਤਾ ਦਾ ਹੰਕਾਰ ਸਦਾ ਨਹੀਂ ਰਹਿੰਦਾ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਸਮੇਂ ਸਿਰ ਆਪਣਾ ਫ਼ੈਸਲਾ ਦੇਣਗੇ। ਉਨ੍ਹਾਂ ਕਿਹਾ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ, ਪਰ ਉਸ ਦਾ ਇਨਸਾਫ਼ ਜ਼ਰੂਰ ਹੁੰਦਾ ਹੈ।