
ਕਰਤਾਰ ਬੱਸ ਹਾਦਸੇ ਵਿੱਚ ਡਿਲਿਵਰੀ ਬੋਏ ਦੀ ਮੌਤ ਮਾਮਲੇ ਸਬੰਧੀ ਭਾਜਪਾ ਨੇ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਜਲੰਧਰ, 17 ਅਗਸਤ ( ) ਕੁਝ ਦਿਨ ਪਹਿਲਾਂ ਕਰਤਾਰ ਬੱਸ ਦੀ ਲਪੇਟ ਵਿੱਚ ਆ ਕੇ ਜ਼ੋਮੈਟੋ ਡਿਲਿਵਰੀ ਬੋਏ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਮੰਡਲ ਪ੍ਰਧਾਨਾਂ ਨੇ ਜਲੰਧਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿੱਚ ਗੰਭੀਰ ਕਾਰਵਾਈ ਕਰਨ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਉੱਤਰੀ ਵਿਧਾਨ ਸਭਾ ਇੰਚਾਰਜ ਕੇ. ਡੀ. ਭੰਡਾਰੀ, ਕੌਂਸਲਰ ਗੁਰਦੀਪ ਫੌਜੀ, ਕੌਂਸਲਰ ਰਵੀ ਕੁਮਾਰ ਸਮੇਤ ਭਾਜਪਾ ਦੇ ਮੰਡਲ ਪ੍ਰਧਾਨ ਅਤੇ ਹੋਰ ਅਹੁਦੇਦਾਰ ਮੌਜੂਦ ਸਨ।
ਭਾਜਪਾ ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਆਮ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਨੋ-ਐਂਟਰੀ ਜ਼ੋਨਾਂ ਵਿੱਚ ਹੈਵੀ ਵਾਹਨਾਂ, ਟਰੱਕਾਂ, ਬੱਸਾਂ ਅਤੇ ਹੋਰ ਕਮਰਸ਼ੀਅਲ ਟਰਾਂਸਪੋਰਟ ਵਾਹਨਾਂ ਦੀ ਐਂਟਰੀ ਅਤੇ ਆਵਾਜਾਈ ‘ਤੇ ਸਖ਼ਤੀ ਨਾਲ ਰੋਕ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਲਈ ਮੁੱਖ ਨੋ-ਐਂਟਰੀ ਖੇਤਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਆਧੁਨਿਕ ਤਕਨੀਕੀ ਸਾਧਨਾਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾਵੇ, ਤਾਂ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਕਮਰਸ਼ੀਅਲ ਬੱਸਾਂ ਦੀ ਆਵਾਜਾਈ ਸਬੰਧੀ ਸੰਬੰਧਤ ਵਿਭਾਗ ਵੱਲੋਂ ਸਪੱਸ਼ਟ ਅਤੇ ਅਧਿਕਾਰਕ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਬੱਸਾਂ ਦੇ ਨਿਰਧਾਰਤ ਰੂਟ, ਨੋ-ਐਂਟਰੀ ਜ਼ੋਨ, ਸਮਾਂ ਸੀਮਾ ਅਤੇ ਟ੍ਰੈਫਿਕ ਨਿਯਮਾਂ ਦਾ ਸਪੱਸ਼ਟ ਜ਼ਿਕਰ ਹੋਵੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਆਪਰੇਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਡਿਲਿਵਰੀ ਬੋਏ, ਆਟੋ ਚਾਲਕ, ਦੋਪਹੀਆ ਵਾਹਨ ਚਾਲਕ ਅਤੇ ਆਮ ਨਾਗਰਿਕ ਹਰ ਰੋਜ਼ ਸ਼ਹਿਰ ਦੀਆਂ ਸੜਕਾਂ ‘ਤੇ ਸਫ਼ਰ ਕਰਦੇ ਹਨ। ਇਸ ਲਈ ਟ੍ਰੈਫਿਕ ਨਿਯਮਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਿਤ ਰੱਖਣ ਦੀ ਬਜਾਏ ਜ਼ਮੀਨੀ ਪੱਧਰ ‘ਤੇ ਸਖ਼ਤੀ ਨਾਲ ਲਾਗੂ ਕਰਨਾ ਸਮੇਂ ਦੀ ਲੋੜ ਹੈ।
ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਤਾਰ ਬੱਸ ਹਾਦਸੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਿੱਚ ਭਾਰੀ ਅਤੇ ਕਮਰਸ਼ੀਅਲ ਵਾਹਨਾਂ ਦੀ ਆਵਾਜਾਈ ‘ਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾਵੇ।
ਭਾਜਪਾ ਨੇ ਸਪੱਸ਼ਟ ਕੀਤਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣਾ ਕਿਸੇ ਇੱਕ ਵਿਅਕਤੀ ਜਾਂ ਵਰਗ ਦਾ ਨਹੀਂ, ਸਗੋਂ ਹਰ ਜਲੰਧਰ ਵਾਸੀ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ।
ਇਸ ਦੌਰਾਨ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਭਾਜਪਾ ਆਗੂਆਂ ਨੂੰ ਦੱਸਿਆ ਕਿ ਨੋ-ਐਂਟਰੀ ਜ਼ੋਨ ਦੇ ਨਿਯਮ ਇਸ ਵੇਲੇ ਟਰੱਕਾਂ ਸਮੇਤ ਹੋਰ ਹੈਵੀ ਵਾਹਨਾਂ ਲਈ ਹਨ, ਪਰ ਕਮਰਸ਼ੀਅਲ ਬੱਸਾਂ ਲਈ ਕੋਈ ਸਪੱਸ਼ਟ ਨੋ-ਐਂਟਰੀ ਗਾਈਡਲਾਈਨ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਤੁਰੰਤ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਹੋਰ ਸੰਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜਲਦੀ ਹੀ ਨਵੇਂ ਨਿਯਮ ਤਿਆਰ ਕਰਕੇ ਲਾਗੂ ਕਰ ਦਿੱਤੇ ਜਾਣਗੇ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਮਨੀਸ਼ ਵਿਜ, ਭਗਵੰਤ ਪ੍ਰਭਾਕਰ, ਹਨੀ ਕੰਬੋਜ, ਕ੍ਰਿਸ਼ਨ ਦੇਵ ਭੰਡਾਰੀ, ਮੰਡਲ ਪ੍ਰਧਾਨ ਆਰ. ਕੇ. ਮਲਹੋਤਰਾ, ਕੁਲਵੰਤ ਸ਼ਰਮਾ, ਆਸ਼ੀਸ਼ ਸਹਿਗਲ, ਗੁਰਪ੍ਰੀਤ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ: ਜਲੰਧਰ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਕੇ. ਡੀ. ਭੰਡਾਰੀ, ਸੁਸ਼ੀਲ ਸ਼ਰਮਾ, ਰਮਨ ਪੱਬੀ ਅਤੇ ਹੋਰ ਆਗੂ।



