SliderUncategorizedपंजाब

ਟੀ.ਬੀ. ਦੇ ਖਾਤਮੇ ਲਈ ਹਰੇਕ ਮਰੀਜ਼ ਤੱਕ ਪਹੁੰਚ ਜਰੂਰੀ, ਸਾਰੇ ਵਿਭਾਗ ਆਪਸੀ ਤਾਲਮੇਲ ਮਜਬੂਤ ਕਰਨ – ਸਿਵਲ ਸਰਜਨ ਡਾ. ਰਾਜੇਸ਼ ਗਰਗ

ਜਲੰਧਰ (29 ਮਈ 2026): ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ (NTEP) ਤਹਿਤ ਜਲੰਧਰ ਨੂੰ ਟੀ.ਬੀ. ਮੁਕਤ ਕਰਨ ਲਈ ਸਿਹਤ ਵਿਭਾਗ ਵੱਲੋਂ ‘ਵਰਲਡ ਹੈਲਥ ਪਾਰਟਨਰਜ਼’ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸਟੇਕਹੋਲਡਰ ਮੀਟਿੰਗ ਕੀਤੀ ਗਈ। ਸਿਵਲ ਹਸਪਤਾਲ ਦੇ ਡੀ.ਐਨ.ਬੀ. ਦਫ਼ਤਰ ਵਿਖੇ ਹੋਈ ਇਸ ਬੈਠਕ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕੀਤੀ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ “100 ਦਿਨਾਂ ਨਿਕਸ਼ੈ ਸ਼ਿਵਿਰ/ਐਕਟਿਵ ਕੇਸ ਫਾਈਂਡਿੰਗ” ਮੁਹਿੰਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਕਿਹਾ, “ਟੀ.ਬੀ. ਦਾ ਖਾਤਮਾ ਸਿਰਫ਼ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਬਲਕਿ ਇੱਕ ਸਾਂਝਾ ਸਮਾਜਿਕ ਮਿਸ਼ਨ ਹੈ।

ਸਿਵਲ ਸਰਜਨ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਹਰ ਇੱਕ ਮਰੀਜ਼ ਦੀ ਜਲਦੀ ਪਛਾਣ ਕਰਨਾ, ਉਸ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣਾ ਅਤੇ ਕੋਈ ਵੀ ਕੇਸ ਛੁੱਟਣ ਨਾ ਦੇਣਾ ਹੈ। ਇਸ 100 ਦਿਨਾਂ ਵਿਸ਼ੇਸ਼ ਮੁਹਿੰਮ ਦੀ ਸਫਲਤਾ ਲਈ ਸਾਰੇ ਸਰਕਾਰੀ ਵਿਭਾਗਾਂ, ਗੈਰ-ਸਰਕਾਰੀ ਸੰਸਥਾਵਾਂ (NGOs) ਅਤੇ ਹਿੱਸੇਦਾਰਾਂ ਦਾ ਆਪਸੀ ਮਜ਼ਬੂਤ ਤਾਲਮੇਲ ਅਤੇ ਸਰਗਰਮ ਭਾਗੀਦਾਰੀ ਬੇਹੱਦ ਲਾਜ਼ਮੀ ਹੈ।”

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਅਤੇ ਜਿਲ੍ਹਾ ਟੀ.ਬੀ. ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ ਨੇ ਮੁਹਿੰਮ ਦੇ ਮੁੱਖ ਨੁਕਤਿਆਂ ‘ਤੇ ਚਰਚਾ ਕਰਦਿਆਂ ਹਦਾਇਤ ਕੀਤੀ ਕਿ ਖਾਸ ਕਰਕੇ ਉੱਚ ਜੋਖਮ (High-risk) ਵਾਲੇ ਖੇਤਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਤੇਜ਼ ਕੀਤੀਆਂ ਜਾਣ। ਇਸ ਦੇ ਨਾਲ ਹੀ ਮਰੀਜ਼ਾਂ ਦੇ ਰੈਫਰਲ, ਟੈਸਟਿੰਗ ਅਤੇ ਨਿਯਮਿਤ ਦਵਾਈ ਯਕੀਨੀ ਬਣਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਟੀ.ਬੀ. ਮਰੀਜ਼ ਦੇ ਨਜਦੀਕੀ ਸਬੰਧੀਆਂ ਅਤੇ ਰਿਸਤੇਦਾਰਾਂ ਦੇ ਵੀ ਟੈਸਟ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਟੀ.ਬੀ. ਦੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕੇ।

ਮੀਟਿੰਗ ਦੇ ਅਖੀਰ ਵਿੱਚ ਡਿਪਟੀ ਐਮ.ਈ.ਆਈ.ਓ. ਗੁਰਜੀਤ ਕੌਰ ਅਤੇ ਏਸੀਐਫ ਕੋਆਰਡੀਨੇਟਰ ਡਾ. ਜੋਤੀ ਨੇ ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਵਿਭਾਗਾਂ (ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਭਲਾਈ ਆਦਿ) ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇਸ ਰਾਸ਼ਟਰੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

Related Articles

Back to top button