ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ (ਐਨਆਈਟੀ) ਜਲੰਧਰ ਵੱਲੋਂ ਭਾਰਤੀ ਗੁਣਵੱਤਾ ਪਰਿਸ਼ਦ (QCI) ਦੇ ਅਧੀਨ ਕੰਮ ਕਰ ਰਹੇ ਨੈਸ਼ਨਲ ਐਕ੍ਰੈਡਿਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰਟਰੀਜ਼ (ਐਨਏਬੀਐਲ) ਦੇ ਸਹਿਯੋਗ ਨਾਲ “ਐਨਏਬੀਐਲ ਜਾਗਰੂਕਤਾ ਵਰਕਸ਼ਾਪ” ਕਰਵਾਈ ਗਈ। ਇਹ ਵਰਕਸ਼ਾਪ ਸੰਸਥਾ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਦੀ ਪਹਿਲ ‘ਤੇ ਕਰਵਾਈ ਗਈ | ਇਸ ਦਾ ਮਕਸਦ ਸੰਸਥਾ ਦੀਆਂ ਵੱਖ-ਵੱਖ ਲੈਬੋਰਟਰੀਆਂ ਨੂੰ ਐਨਏਬੀਐਲ ਮਾਨਤਾ ਦਿਵਾਉਣ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਲੈਬਾਂ ਵਿੱਚ ਗੁਣਵੱਤਾ ਦੇ ਮਿਆਰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਵਧੀਆ ਪਛਾਣ ਮਿਲ ਸਕੇ|
ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ‘ਤੇ ਪ੍ਰੋ. ਜੇ ਐਨ. ਚਕਰਵਰਤੀ, ਪ੍ਰੋ. ਰੋਹਿਤ ਮਹਿਰਾ, ਡੀਨ (ਰਿਸਰਚ ਐਂਡ ਕਨਸਲਟੈਂਸੀ); ਪ੍ਰੋ. ਐਸ ਕੇ ਸਿੰਹਾ, ਡੀਨ (ਫੈਕਲਟੀ ਵੈਲਫੇਅਰ); ਪ੍ਰੋ. ਅਜੈ ਬੰਸਲ, ਡੀਨ (ਇੰਡਸਟਰੀ ਐਂਡ ਇੰਟਰਨੈਸ਼ਨਲ ਅਫੇਅਰਜ਼); ਪ੍ਰੋ. ਰਮਨ ਬੇਦੀ, ਡੀਨ (ਅਕੈਡਮਿਕ ਅਫੇਅਰਜ਼); ਪ੍ਰੋ. ਸ਼ੈਲੇਂਦਰ ਬਾਜਪੇਈ, ਡੀਨ (ਸਟੂਡੈਂਟਸ ਵੈਲਫੇਅਰ); ਡਾ. ਨਿਤਾਈ ਬਸਾਕ, ਐਸੋਸੀਏਟ ਡੀਨ (ਰਿਸਰਚ ਐਂਡ ਕਨਸਲਟੈਂਸੀ); ਅਤੇ ਐਨਏਬੀਐਲ ਦੇ ਵਿਸ਼ੇਸ਼ਗਿਆਰ ਸ਼੍ਰੀ ਅਸ਼ੋਕ ਕੁਮਾਰ ਮੌਜੂਦ ਸਨ।
ਭਾਗੀਦਾਰਾਂ ਦਾ ਸਵਾਗਤ ਕਰਦਿਆਂ ਰਿਸਰਚ ਐਂਡ ਕਨਸਲਟੈਂਸੀ ਦੇ ਡੀਨ ਪ੍ਰੋ. ਰੋਹਿਤ ਮਹਿਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੈਬਾਂ ਵਿੱਚ ਹੋਣ ਵਾਲੇ ਟੈਸਟਾਂ ਅਤੇ ਕੈਲੀਬ੍ਰੇਸ਼ਨ ਦੀ ਗੁਣਵੱਤਾ ਅਤੇ ਉਨ੍ਹਾਂ ਦੇ ਨਤੀਜਿਆਂ ਦੀ ਭਰੋਸੇਯੋਗਤਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਲੈਬਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲਣ ਵਿੱਚ ਮਦਦ ਮਿਲਦੀ ਹੈ। ਵਰਕਸ਼ਾਪ ਦੌਰਾਨ ਐਨਏਬੀਐਲ ਦੇ ਵਿਸ਼ੇਸ਼ਗਿਆਰ ਸ਼੍ਰੀ ਅਸ਼ੋਕ ਕੁਮਾਰ ਨੇ ਵਿਸ਼ੇਸ਼ ਲੈਕਚਰ ਦਿੱਤਾ। ਲੈਬੋਰਟਰੀ ਕੁਆਲਿਟੀ ਸਿਸਟਮ ਅਤੇ ਐਨਏਬੀਐਲ ਮਾਨਤਾ ਦੇ ਖੇਤਰ ਵਿੱਚ ਆਪਣੇ ਵਿਸ਼ਾਲ ਤਜਰਬੇ ਦੇ ਆਧਾਰ ‘ਤੇ ਉਨ੍ਹਾਂ ਨੇ ISO/IEC 17025, ਜੋ ਲੈਬੋਰਟਰੀਆਂ ਲਈ ਇੱਕ ਅੰਤਰਰਾਸ਼ਟਰੀ ਗੁਣਵੱਤਾ ਮਿਆਰ ਹੈ, ਦੀਆਂ ਲੋੜਾਂ, ਲੈਬੋਰਟਰੀ ਦਸਤਾਵੇਜ਼ੀਕਰਨ, ਕੁਆਲਿਟੀ ਮੈਨੇਜਮੈਂਟ ਸਿਸਟਮ, ਅੰਦਰੂਨੀ ਆਡਿਟ, ਉਪਕਰਣਾਂ ਦੀ ਕੈਲੀਬ੍ਰੇਸ਼ਨ, ਮਾਪ ਦੀ ਅਨਿਸ਼ਚਿਤਤਾ ਅਤੇ ਐਨਏਬੀਐਲ ਮਾਨਤਾ ਪ੍ਰਾਪਤ ਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਲੈਬੋਰਟਰੀਆਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਤ ਕਰਨ ਲਈ ਲਾਭਦਾਇਕ ਮਾਰਗਦਰਸ਼ਨ ਵੀ ਸਾਂਝਾ ਕੀਤਾ।
ਇਸ ਵਰਕਸ਼ਾਪ ਵਿੱਚ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ 100 ਤੋਂ ਵੱਧ ਅਧਿਆਪਕਾਂ, ਲੈਬ ਕਰਮਚਾਰੀਆਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ। ਸਮਾਗਮ ਦਾ ਸਮਾਪਨ ਸਹਾਇਕ ਪ੍ਰੋਫੈਸਰ ਡਾ. ਨੀਲਮ ਰਾਣੀ ਦੇ ਧੰਨਵਾਦ ਪ੍ਰਗਟਾਵੇ ਨਾਲ ਹੋਇਆ। ਸਮਾਪਤੀ ਮੌਕੇ ਸੰਸਥਾ ਦੇ ਰਜਿਸਟਰਾਰ ਪ੍ਰੋ. ਅਨੀਸ਼ ਸਚਦੇਵਾ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸੰਸਥਾ ਦੀਆਂ ਲੈਬੋਰਟਰੀਆਂ ਵਿੱਚ ਗੁਣਵੱਤਾ ਦੇ ਮਿਆਰ ਹੋਰ ਮਜ਼ਬੂਤ ਕਰਨ ਅਤੇ ਐਨਏਬੀਐਲ ਮਾਨਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਉਣਗੇ।