
ਅੱਜ ਪੰਜਾਬੀ ਹਿੰਦੂ ਗਰੁੱਪ, ਪੰਜਾਬ ਦੀ ਰਾਜ ਪੱਧਰੀ ਆਨਲਾਈਨ ਮੀਟਿੰਗ ਗਰੁੱਪ ਦੇ ਮੁੱਖੀ *ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ* ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਹੋਈ।
*1. ਪ੍ਰਸ਼ਾਸਨਿਕ ਅਹੁਦਿਆਂ ਸੰਬੰਧੀ ਮੰਗ*
ਮੀਟਿੰਗ ਨੂੰ ਸੰਬੋਧਨ ਕਰਦਿਆਂ ਮਹੰਤ ਜੀ ਨੇ ਕਿਹਾ ਕਿ ਪੰਜਾਬ, ਮਹਾਰਾਜਾ ਪੋਰਸ ਦੇ ਕਾਲ ਤੋਂ ਹੀ ਸੂਰਮਿਆਂ ਦੀ ਧਰਤੀ ਰਿਹਾ ਹੈ। ਪੰਜਾਬੀਆਂ ਨੇ ਤੁਰਕਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ, ਕਦੇ ਵੀ ਬਾਹਰੀ ਹਕੂਮਤ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬੀ ਜਨਮ ਤੋਂ ਹੀ ਆਜ਼ਾਦ-ਫ਼ਿਤਰਤ ਹਨ। ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਅੱਤਵਾਦ ਨਾਲ ਸੰਘਰਸ਼ ਵਿੱਚ ਬਲੀਦਾਨ ਹੋਣ ਵਾਲੇ ਪੁਲਿਸ ਕਰਮੀਆਂ ਵਿੱਚ ਵੀ 98% ਤੋਂ ਵੱਧ ਪੰਜਾਬੀ ਹੀ ਸਨ।
ਇਸ ਸਾਰੇ ਪਿਛੋਕੜ ਦੇ ਮੱਦੇਨਜ਼ਰ, ਗਰੁੱਪ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ ਮੌਜੂਦਾ ਪ੍ਰਸ਼ਾਸਨਿਕ ਢਾਂਚੇ ਵਿੱਚ ਵੀ *ਪੰਜਾਬ ਦੇ ਮੁੱਖ ਸਕੱਤਰ (Chief Secretary) ਅਤੇ ਪੁਲਿਸ ਡਾਇਰੈਕਟਰ ਜਨਰਲ (DGP)* ਦੇ ਅਹੁਦਿਆਂ ‘ਤੇ ਅਣਵੰਡੇ ਮਹਾਂਪੰਜਾਬ ਦੇ ਕਿਸੇ ਪੰਜਾਬੀ ਅਧਿਕਾਰੀ ਨੂੰ ਹੀ ਨਿਯੁਕਤ ਕੀਤਾ ਜਾਵੇ। ਹੋਰ ਹੇਠਲੇ ਅਹੁਦਿਆਂ ‘ਤੇ ਭਾਵੇਂ ਕਿਸੇ ਵੀ ਸੂਬੇ ਦੇ ਅਧਿਕਾਰੀ ਹੋ ਸਕਦੇ ਹਨ, ਪਰ ਇਨ੍ਹਾਂ ਦੋ ਸਿਖਰਲੇ ਅਹੁਦਿਆਂ ‘ਤੇ ਗੈਰ-ਪੰਜਾਬੀ ਦੀ ਨਿਯੁਕਤੀ ਪੰਜਾਬੀ ਵਿਰਸੇ ਅਤੇ ਵਿਚਾਰ ਦੇ ਮੁਤਾਬਿਕ ਸਹੀ ਨਹੀਂ ਹੈ।
*2. ਲੰਡਾ ਲਿੱਪੀ ਨੂੰ ਮਾਨਤਾ ਦੇਣ ਦੀ ਮੰਗ*
ਮਹੰਤ ਜੀ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਅਸਲ ਮੂਲ ਲਿੱਪੀ *’ਲੰਡਾ ਲਿੱਪੀ’* ਹੈ, ਜਿਸ ਦਾ ਵਿਕਾਸ ਪੰਜਾਬ ਦੇ ਨਾਥ ਜੋਗੀਆਂ ਵਲੋਂ ਅੱਜ ਤੋਂ ਕਰੀਬ 1300 ਸਾਲ ਪਹਿਲਾਂ ਕੀਤਾ ਗਿਆ। ਉਸ ਸਮੇਂ ਤੋਂ ਇਹ ਲਿੱਪੀ ਇਤਿਹਾਸਕ ਤੌਰ ‘ਤੇ ਰਾਜ-ਕਾਜ, ਧਾਰਮਿਕ ਗ੍ਰੰਥਾਂ ਅਤੇ ਵਪਾਰਕ ਲੇਖਾ-ਜੋਖਾ ਲਈ ਵਰਤੀ ਜਾਂਦੀ ਰਹੀ ਸੀ ਅਤੇ ਉਸ ਸਮੇਂ ਦੇ ਪੰਜਾਬੀ ਰਾਜਾਂ ਦੀ ਸਰਕਾਰੀ ਲਿੱਪੀ ਸੀ।
ਲਗਭਗ ਇੱਕ ਹਜ਼ਾਰ ਸਾਲ ਪਹਿਲਾਂ, ਤੁਰਕ ਹਮਲਾਵਰਾਂ ਵਲੋ ਪੰਜਾਬ ਦੇ ਕੱਲਰ ਵੰਸ਼ ਦੀ ਪੰਜਾਬੀ ਹਿੰਦੂ ਰਾਜਸ਼ਾਹੀ ਅਤੇ ਰਾਜਾ ਜੈਪਾਲ, ਰਾਜਾ ਅਨੰਤਪਾਲ ਵਰਗੇ ਸ਼ਾਸਕਾਂ ਦੇ ਪਤਨ ਤੋਂ ਬਾਅਦ, ਨਾਥ ਜੋਗੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਸ ਸਮੇਂ ਨਾਥ ਸੰਪਰਦਾ ਦੇ ਮੁਖੀ ਸ਼੍ਰੀ ਗੁਰੂ ਗੋਰਖਨਾਥ ਜੀ ਆਪਣੇ ਅਨੁਯਾਈਆਂ ਨੂੰ ਜੰਗਲਾਂ ਵਿੱਚ ਰਹਿ ਕੇ ਲੋਕ-ਸੇਵਾ ਦਾ ਆਦੇਸ਼ ਦੇ ਕੇ, ਆਪਣੇ ਮੂਲ ਅਸਥਾਨ ‘ਟਿੱਲਾ ਜੋਗੀਆਂ’ (ਗੋਰਖ ਟਿੱਲਾ) ਤੋਂ ਕਸ਼ਮੀਰ ਹੁੰਦੇ ਹੋਏ ਨੇਪਾਲ ਚਲੇ ਗਏ। ਉੱਥੇ ਉਨ੍ਹਾਂ ਨੇ *ਗੋਰਖਨਾਥ ਪੀਠ* ਦੀ ਸਥਾਪਨਾ ਕੀਤੀ ਅਤੇ ਗਊ-ਰੱਖਿਆ ਹੇਤੁ ਜੋ ਫੌਜ ਤਿਆਰ ਕੀਤੀ, ਉਸ ਦੇ ਸੈਨਿਕ *’ਗੋਰਖੇ’* ਅਖਵਾਏ।
ਸਮੇਂ ਦੇ ਨਾਲ ਫ਼ਾਰਸੀ ਅਤੇ ਸ਼ਾਹਮੁਖੀ ਰਾਜ-ਭਾਸ਼ਾਵਾਂ ਬਣ ਗਈਆਂ। ਪਰੰਤੂ ਪੰਜਾਬ ਦੇ ਵਪਾਰੀ ਨੇ ਕਰੀਬ ਇੱਕ ਹਜ਼ਾਰ ਸਾਲ ਤੱਕ ਇਸ ਲੰਡਾ ਲਿੱਪੀ ਨੂੰ ਸੰਭਾਲ ਕੇ ਰੱਖਿਆ। 1947 ਤੋਂ ਬਾਅਦ ਵੀ ਸਰਕਾਰਾਂ ਵੱਲੋਂ ਪੰਜਾਬੀ ਦੀ ਮੂਲ ਲਿੱਪੀ ‘ਲੰਡਾ’ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਿਸਦੇ ਸਿੱਟੇ ਵਜੋਂ ਅੱਜ ਪੰਜਾਬ ਦੀ ਅਸਲ ਮੂਲ ਲਿੱਪੀ ਲੰਡਾ ਲਿੱਪੀ ਖਤਮ ਹੋਣ ਦੇ ਕੰਢੇ ਤੇ ਹੈ।
*ਫੈਸਲਾ:*
ਮੀਟਿੰਗ ਵਿੱਚ ਮੌਜੂਦ ਸਾਰੇ ਅਹੁਦੇਦਾਰਾਂ ਨੇ ਇਨ੍ਹਾਂ ਦੋਵਾਂ ਮੰਗਾਂ ‘ਤੇ ਸੰਪੂਰਨ ਸਹਿਮਤੀ ਪ੍ਰਗਟਾਈ। ਇਹ ਫੈਸਲਾ ਲਿਆ ਗਿਆ ਕਿ ਜਲਦ ਹੀ ਕਿਸੇ ਸ਼ੁਭ ਮੁਹੂਰਤ ਵਿੱਚ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਮੰਗ-ਪੱਤਰ ਸੌਂਪਿਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਪੰਜਾਬੀ ਹਿੰਦੂ ਗਰੁੱਪ ਦੀ ਸੂਬਾ ਇਕਾਈ ਦੇ ਸ਼੍ਰੀ ਰਮਨ ਨੇਹਰਾ (ਫਗਵਾੜਾ), ਸ਼੍ਰੀ ਸਤਪਾਲ ਸ਼ਰਮਾ (ਰਾਮਪੁਰਾ), ਸ਼੍ਰੀ ਪੰਕਜ ਸ਼ਰਮਾ (ਰੋਪੜ), ਸ਼੍ਰੀ ਪਵਨ ਭਾਰਦਵਾਜ (ਲੁਧਿਆਣਾ), ਸ਼੍ਰੀ ਅਰਵਿੰਦ ਧੰਮਾ (ਪਟਿਆਲਾ) ਸਮੇਤ ਹੋਰ ਸਟੇਟ ਬਾਡੀ ਮੈਂਬਰ ਵੀ ਹਾਜ਼ਰ ਸਨ।