

ਈ.ਵੀ.ਟੀ.ਐਚ.ਐਸ. ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਜਲੰਧਰ 09.10.2026 : ਗਰਭਵਤੀ ਮਾਵਾਂ ਤੋਂ ਬੱਚਿਆਂ ਵਿੱਚ ਐਚ.ਆਈ.ਵੀ. ਅਤੇ ਸਿਫਲਿਸ ਦੇ ਫੈਲਾਅ (Vertical Transmission) ਨੂੰ ਮੁਕੰਮਲ ਤੌਰ ‘ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਇੱਕ ਵਿਸ਼ੇਸ਼ ਈ.ਵੀ.ਟੀ.ਐਚ.ਐਸ. (EVTHS Elimination of vertical transmission of HIV and Syphilis) ਸੰਵੇਦਨਸ਼ੀਲਤਾ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਯੋਗ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ/ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਰਿਤੂ ਦੀ ਵਿਸ਼ੇਸ਼ ਦੇਖ-ਰੇਖ ਅਤੇ ਦਿਸ਼ਾ-ਨਿਰਦੇਸ਼ ਸ਼ਾਮਲ ਰਹੇ।
ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਮਾਂ ਤੋਂ ਬੱਚੇ ਤੱਕ ਐਚ.ਆਈ.ਵੀ. ਅਤੇ ਸਿਫਲਿਸ ਦੇ ਫੈਲਾਅ ਨੂੰ ਰੋਕਣਾ ਹੈ । ਅਜਿਹਾ ਕਰਨਾ ਹਰ ਬੱਚੇ ਦੇ ਸਿਹਤਮੰਦ ਜਨਮ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਅਤੇ ਦੇਸ਼ ਨੂੰ ਏਡਜ਼ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਵਰਕਸ਼ਾਪ ਦਾ ਉਦੇਸ਼ ਸਿਹਤ ਸੰਭਾਲ ਅਮਲੇ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਗਰਭਵਤੀ ਔਰਤਾਂ ਦੇ ਚੈੱਕਅਪ (ANC Cases) ਦੌਰਾਨ ਐਚ.ਆਈ.ਵੀ. ਅਤੇ ਸਿਫਲਿਸ ਦੀ ਸਮੇਂ ਸਿਰ ਪਛਾਣ, ਉਚਿਤ ਪ੍ਰਬੰਧਨ ਅਤੇ ਲੋੜ ਅਨੁਸਾਰ ਰੈਫਰਲ ਪ੍ਰਕਿਰਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਨੂੰ ਈ.ਵੀ.ਟੀ.ਐਚ.ਐਸ. ਦੇ “ਜ਼ੀਰੋ ਵਰਟੀਕਲ ਟ੍ਰਾਂਸਮਿਸ਼ਨ” ਦੇ ਲਕਸ਼ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਹਰ ਪੱਧਰ ‘ਤੇ ਵਚਨਬੱਧ ਹੈ।
ਦਿਸ਼ਾ ਕਲਸਟਰ (DISHA Cluster) ਜਲੰਧਰ ਦੇ ਸਹਿਯੋਗ ਨਾਲ ਆਯੋਜਿਤ ਇਸ ਵਰਕਸ਼ਾਪ ਵਿੱਚ ਗਾਇਨੀਕੋਲੋਜਿਸਟ ਮੈਡੀਕਲ ਅਫ਼ਸਰਾਂ, ਏ.ਐਨ.ਐਮ., ਸਟਾਫ਼ ਨਰਸਾਂ ਅਤੇ ਲੇਬਰ ਰੂਮ ਸਟਾਫ਼ ਨੇ ਭਾਗ ਲਿਆ। ਵਰਕਸ਼ਾਪ ਨੂੰ ਡਾ. ਅਨਾਮਿਕਾ ਏ. ਲਾਲ (ਮੈਡੀਕਲ ਅਫ਼ਸਰ, ਗਾਇਨੀ), ਡਾ. ਤੇਜਸਵਨੀ (ਮੈਡੀਕਲ ਅਫ਼ਸਰ/ਇੰਚਾਰਜ, ਐਸ.ਟੀ.ਆਈ./ਆਰ.ਟੀ.ਆਈ. ਕਲੀਨਿਕ) ਅਤੇ ਦਿਸ਼ਾ ਟੀਮ ਵੱਲੋਂ ਸੁਚੱਜੇ ਢੰਗ ਨਾਲ ਚਲਾਇਆ ਗਿਆ। ਦਿਸ਼ਾ ਟੀਮ ਵਿੱਚ ਸ਼੍ਰੀ ਦੀਪਕ ਕੁਮਾਰ (ਸੀ.ਐਸ.ਓ.), ਮਿਸ ਲਕਸ਼ਮੀ ਰਾਣੀ (ਸੀ.ਪੀ.ਐਮ.), ਮਿਸ ਰਣਦੀਪ ਕੌਰ (ਡੀ.ਐਮ.ਡੀ.ਓ.) ਅਤੇ ਸ਼੍ਰੀ ਜੀਵਨਦੀਪ ਸਿੰਘ (ਸੀ.ਪੀ.ਓ.) ਨੇ ਸ਼ਮੂਲੀਅਤ ਕੀਤੀ।
ਵਰਕਸ਼ਾਪ ਦੌਰਾਨ ਆਈ.ਸੀ.ਟੀ.ਸੀ. (ICTC) ਟੀਮ ਦੀਆਂ ਕਾਊਂਸਲਰਾਂ ਮਿਸ ਸੁਖਵਿੰਦਰ, ਮਿਸ ਧੀਰਜ ਅਤੇ ਮਿਸ ਈਸ਼ਾ ਨੇ ਸਰਗਰਮ ਯੋਗਦਾਨ ਪਾਉਂਦਿਆਂ ਕੇਸ ਮੈਨੇਜਮੈਂਟ ‘ਤੇ ਆਧਾਰਿਤ ਰੋਲ ਪਲੇਅ (ਨਾਟਕੀ ਪ੍ਰਦਰਸ਼ਨ) ਪੇਸ਼ ਕੀਤੇ। ਇਸ ਤੋਂ ਬਾਅਦ ਇੱਕ ਵਿਸ਼ੇਸ਼ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ, ਜਿਸ ਰਾਹੀਂ ਭਾਗੀਦਾਰਾਂ ਨੂੰ ਆਉਂਦੀਆਂ ਰੋਜ਼ਾਨਾ ਦੀਆਂ ਵਿਹਾਰਕ ਸਮੱਸਿਆਵਾਂ ਅਤੇ ਸ਼ੰਕਿਆਂ ਨੂੰ ਸਪਸ਼ਟ ਕਰਨ ਦਾ ਮੌਕਾ ਮਿਲਿਆ।
ਇਹ ਵਰਕਸ਼ਾਪ ਸਾਂਝੇ ਸਹਿਯੋਗ ਨਾਲ ਸਿਹਤ ਕਰਮਚਾਰੀਆਂ ਦੇ ਗਿਆਨ ਅਤੇ ਨਿਪੁੰਨਤਾ ਨੂੰ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ, ਜੋ ਜ਼ਿਲ੍ਹਾ ਜਲੰਧਰ ਨੂੰ ਵਧੇਰੇ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਦੇ ਟੀਚੇ ਨੂੰ ਪੂਰਾ ਕਰੇਗੀ।



