ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਅੱਜ ਨਕੋਦਰ ਖੇਤਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਨਕੋਦਰ ਅਤੇ ਨੂਰਮਹਿਲ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਅਤੇ ਕੰਮ ਕਰ ਰਹੇ ਮਜ਼ਦੂਰ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਵਡਾਲਾ ਨੇ ਕਿਹਾ ਕਿ ਅੰਨਦਾਤਾ ਅੱਜ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।

ਮੰਡੀਆਂ ਵਿੱਚ ਪਹੁੰਚੇ ਜਥੇਦਾਰ ਵਡਾਲਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਗਏ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਬੈਠੇ ਹਨ, ਪਰ ਖਰੀਦ ਪ੍ਰਕਿਰਿਆ ਦੀ ਸੁਸਤ ਰਫਤਾਰ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕੁਦਰਤੀ ਮਾਰਾਂ ਕਾਰਨ ਆਰਥਿਕ ਤੰਗੀ ਵਿੱਚ ਹਨ ਅਤੇ ਹੁਣ ਸਰਕਾਰੀ ਤੰਤਰ ਦੀ ਨਾਲਾਇਕੀ ਉਸ ਦੇ ਜ਼ਖਮਾਂ ‘ਤੇ ਲੂਣ ਛਿੜਕ ਰਹੀ ਹੈ।

ਲਿਫਟਿੰਗ ਦੀ ਗੰਭੀਰ ਸਮੱਸਿਆ ‘ਤੇ ਗੱਲ ਕਰਦਿਆਂ ਜਥੇਦਾਰ ਵਡਾਲਾ ਨੇ ਕਿਹਾ ਕਿ ਮੰਡੀਆਂ ਵਿੱਚ ਫਸਲ ਦੇ ਅੰਬਾਰ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਵੱਲੋਂ ਚੁਕਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੰਮ ਕਰਨ ਵਿੱਚ ਵੱਡੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਲਿਫਟਿੰਗ ਨਾ ਹੋਈ ਤਾਂ ਮੰਡੀਆਂ ਵਿੱਚ ਨਵੀਂ ਫਸਲ ਸੁੱਟਣ ਲਈ ਥਾਂ ਨਹੀਂ ਬਚੇਗੀ। ਆੜ੍ਹਤੀਆਂ ਨੇ ਜਥੇਦਾਰ ਵਡਾਲਾ ਨੂੰ ਦੱਸਿਆ ਕਿ ਬਾਰਦਾਨੇ ਅਤੇ ਟਰਾਂਸਪੋਰਟ ਦੀ ਬਹੁਤ ਵੱਡੀ ਘਾਟ ਕਾਰਨ ਸਾਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਸੂਬਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪਰ ਅੱਜ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਬਿਜਲੀ ਅਤੇ ਛਾਂ ਦੇ ਪ੍ਰਬੰਧ ਵੀ ਨਾਕਾਫੀ ਹਨ, ਜਿਸ ਕਾਰਨ ਕਿਸਾਨ ਅਤੇ ਮਜ਼ਦੂਰ ਇਸ ਭਿਆਨਕ ਗਰਮੀ ਵਿੱਚ ਪ੍ਰੇਸ਼ਾਨ ਹੋ ਰਹੇ ਹਨ।

ਅਖੀਰ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਫਸਲ ਦੀ ਲਿਫਟਿੰਗ ਤੁਰੰਤ ਤੇਜ਼ ਕੀਤੀ ਜਾਵੇ ਅਤੇ ਕਿਸਾਨਾਂ ਦੀ ਅਦਾਇਗੀ ਵਿੱਚ ਕੋਈ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕਿਸਾਨਾਂ ਦੇ ਹੱਕ ਵਿੱਚ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਮੌਕੇ ਤੇ ਅਵਤਾਰ ਸਿੰਘ ਕਲੇਰ, ਸੁਰਤੇਜ ਸਿੰਘ ਬਾਸੀ, ਲਖਵਿੰਦਰ ਸਿੰਘ ਹੋਠੀ,ਰਵਿੰਦਰ ਸਿੰਘ ਮੀਰਾਂਪੁਰ,ਹਰਜੋਤ ਸਿੰਘ ਫਰਵਾਲਾ, ਨੰਦ ਕਿਸ਼ੋਰ ਗਿੱਲ ਐਮ.ਸੀ,ਤਰਸੇਮ ਸਿੰਘ ਮੀਰਾਂਪੁਰ,ਅਵਤਾਰ ਸਿੰਘ ਸੰਧੂ,ਸਾਬਕਾ ਸਰਪੰਚ ਸੋਨੂੰ ਤਲਵੰਡੀ ਭਰੋ, ਜੀਤਾ ਬਹਾਦਰਪੁਰ,ਕੁਲਵੰਤ ਸਿੰਘ ਬਾੜਾ ਸਿੱਧਪੁਰ,ਡਾ. ਗੁਲਸ਼ਨ,ਦੀਪਕ ਭੱਟੀ,ਹਰਦੀਪ ਸਿੰਘ ਮੁੱਤੀ ਬਿੱਲਾ, ਸੰਨੀ, ਆੜਤੀਆ ਭੱਲਾ,ਆੜਤੀਆ ਰਾਜਾ ਆਦਿ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਅਤੇ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਵੀ ਮੌਜੂਦ ਸਨ।