Sliderपंजाब

ਸਿਹਤ ਵਿਭਾਗ ਵੱਲੋਂ ਜਿਲ੍ਹੇ ‘ਚ 31 ਜੁਲਾਈ ਤੱਕ ਚਲਾਈ ਜਾਵੇਗੀ “ਦਸਤ ਰੋਕੂ ਮੁਹਿੰਮ” : ਸਿਵਲ ਸਰਜਨ ਡਾ. ਰਾਜੇਸ਼ ਗਰਗ

ਜਲੰਧਰ (17 ਜੂਨ, 2026): ਸਿਹਤ ਵਿਭਾਗ ਜਲੰਧਰ ਵੱਲੋਂ 31 ਜੁਲਾਈ ਤੱਕ “ਦਸਤ ਰੋਕੂ ਮੁਹਿੰਮ” ਚਲਾਈ ਜਾ ਰਹੀ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਬੁੱਧਵਾਰ ਨੂੰ ਪੀਪੀ ਯੂਨਿਟ ਸਿਵਲ ਹਸਪਤਾਲ ਵਿਖੇ ਇਸ ਮੁਹਿੰਮ ਦੌਰਾਨ ਟੀਕਾਕਰਨ ਕਰਵਾਉਣ ਲਈ ਉੱਥੇ ਪਹੁੰਚੀਆਂ ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਦਸਤ ਰੋਕੂ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਮਾਪਿਆਂ ਨੂੰ ਓਆਰਐਸ ਦਾ ਘੋਲ ਬਣਾਉਣ ਦੀ ਵਿਧੀ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਸਤ ਰੋਕੂ ਮੁਹਿੰਮ ਤਹਿਤ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਅਤੇ ਸੰਸਥਾਵਾਂ ਵਿਖੇ ਮੁਫ਼ਤ ਓ. ਆਰ. ਐਸ. ਦੇ ਪੈਕਟ ਦਿੱਤੇ ਜਾਣਗੇ ਤਾਂ ਜੋ ਲੋੜ ਪੈਣ ਤੇ ਬੱਚੇ ਨੂੰ ਘਰ ਵਿਚ ਹੀ ਜੀਵਨ ਰਖਿਅਕ ਘੋਲ ਤਿਆਰ ਕਰ ਕੇ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇ ਅਤੇ ਦਸਤ ਬੰਦ ਹੋਣ ‘ਤੇ ਓ.ਆਰ.ਐਸ. ਦੀ ਖੁਰਾਕ ਦੇਣਾ ਬੰਦ ਕਰਕੇ 14 ਦਿਨ ਜਿੰਕ ਦੀ ਗੋਲੀ ਦੇਣਾ ਸ਼ੁਰੂ ਕੀਤਾ ਜਾਵੇ ਤਾਂ ਜੋ ਬੱਚੇ ਨੂੰ ਦਸਤ ਅਤੇ ਨਮੂਨੀਆ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ, ਉਨ੍ਹਾਂ ਕਿਹਾ ਕਿ ਜਿੰਕ ਦੀ ਗੋਲੀ ਬੱਚੇ ਦੀ ਭੁੱਖ ਤੇ ਵਜਨ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਬੱਚੇ ਦੀ ਸਰੀਰਕ ਸਮਰੱਥਾ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦਸਤ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਬਾਹਰਲੇ ਖਾਣੇ ਤੋਂ ਬਚਿਆ ਜਾਵੇ ‘ਤੇ ਖਾਣਾ ਹੱਥ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਪਕਾਇਆ ਤੇ ਖਾਇਆ ਜਾਵੇ।
ਜਿਲ੍ਹਾ ਟੀਕਾਰਨ ਅਫ਼ਸਰ ਡਾ. ਸਿਮਰਨਜੀਤ ਕੌਰ ਵੱਲੋਂ ਓ.ਆਰ.ਐਸ. ਦਾ ਘੋਲ ਬਣਾਉਣ ਅਤੇ ਪਿਲਾਉਣ ਦੀ ਵਿਧੀ ਸੰਬਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਕਿ ਓ.ਆਰ.ਐਸ. ਦੇ ਘੋਲ ਦੇ ਨਾਲ-ਨਾਲ ਦੁੱਧ ਚੁੰਘਦੇ ਬੱਚੇ ਨੂੰ ਜਿਆਦਾ ਵਾਰ ਅਤੇ ਜਿਆਦਾ ਦੇਰ ਤੱਕ ਦੁੱਧ ਪਿਲਾਉਣਾ ਚਾਹੀਦਾ ਹੈ, ਜੇਕਰ ਬੱਚਾ ਕੁੱਝ ਵੀ ਨਹੀਂ ਪੀ ਰਿਹਾ ਤਾਂ ਤੁਰੰਤ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਜਿੰਕ ਦੀ ਖੁਰਾਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ ਅੱਧੀ ਜਿੰਕ ਦੀ ਗੋਲੀ (10 ਮਿਲੀਗ੍ਰਾਮ) ਮਾਂ ਦੇ ਦੁੱਧ ਨਾਲ, 6 ਮਹੀਨੇ ਅਤੇ 6 ਮਹੀਨੇ ਤੋਂ ਵੱਧ ਉਮਰ ਦੇ ਬੱਚੇ ਨੂੰ ਇਕ ਗੋਲੀ (20 ਮਿਲੀਗ੍ਰਾਮ) ਸਾਫ਼ ਪਾਣੀ ਵਿੱਚ ਜਾਂ ਮਾਂ ਦੇ ਦੁੱਧ ਨਾਲ ਦਿੱਤੀ ਜਾ ਸਕਦੀ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਐਸ ਐਸ ਨਾਂਗਲ, ਡਾ. ਰਿਸ਼ੀ ਮਾਰਕੰਡਾ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਡਿਪਟੀ ਐਮਈਆਈਓ ਰਵਿੰਦਰ ਜੱਸਲ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਐਮਪੀਐਚਡਬਲਯੂ (ਫੀਮੇਲ) ਪੂਨਮ ਅਤੇ ਪੀਪੀ ਯੂਨਿਟ ਦਾ ਸਟਾਫ ਮੌਜੂਦ ਸੀ।

Related Articles

Back to top button