

ਜਲੰਧਰ:-ਸੀਪੀਆਈ ( ਐਮ ) ਦੇ ਸੀਨੀਅਰ ਆਗੂ ਅਤੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਪੰਜਾਬ ਦੀ ਆਂਗਣਵਾੜੀ ਮੁਲਾਜ਼ਮ ਲਹਿਰ ਦੀ ਨਿਧੱੜਕ ਅਤੇ ਵਫਾਦਾਰ ਆਗੂ ਬੀਬੀ ਧਰਮਜੀਤ ਕੌਰ ਦੇ ਅਚਾਨਕ ਹੋਏ ਵਿਛੋੜੇ ਤੇ ਬਹੁਤ ਹੀ ਡੂੰਘੇ ਦੁੱਖ ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਾਮਰੇਡ ਤੱਗੜ ਨੇ ਦੱਸਿਆ ਕਿ ਬੀਬੀ ਧਰਮਜੀਤ ਕੌਰ ਨੇ ਪੰਜਾਬ ਦੀ ਆਂਗਣਵਾੜੀ ਮੁਲਾਜ਼ਮ ਲਹਿਰ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਉਹਨਾਂ ਔਖੇ ਅਤੇ ਗੰਭੀਰ ਸਮਿਆਂ ਵਿੱਚ ਸੰਭਾਲੀ ਅਤੇ ਪੂਰੀ ਕੀਤੀ ਜਦੋਂ ਯੂਨੀਅਨ ਦਾ ਇੱਕ ਵੱਡਾ ਹਿੱਸਾ ਸੀਆਈਟੀਯੂ ਨੂੰ ਛੱਡ ਕੇ ਭਗੌੜੀ ਪਾਸਲਾ ਜੁੰਡਲੀ ਨਾਲ ਚਲਾ ਗਿਆ ਸੀ। ਬੀਬੀ ਧਰਮਜੀਤ ਕੌਰ ਦੇ ਪਤੀ ਕਾਮਰੇਡ ਬੁੱਧ ਪ੍ਰਕਾਸ਼ ਮੁਲਾਜ਼ਮ ਲਹਿਰ ਦੇ ਹਰਮਨ ਪਿਆਰੇ ਆਗੂ ਸਨ। ਉਹਨਾਂ ਦਾ ਬੇਟਾ ਸੰਨੀ ਪਹਿਲਾਂ ਐਸਐਫਆਈ ਵਿੱਚ ਅਤੇ ਹੁਣ ਮੁਲਾਜ਼ਮ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਇਸ ਪ੍ਰਕਾਰ ਇਹ ਸਮੁੱਚਾ ਪਰਿਵਾਰ ਸ਼ੁਰੂ ਤੋਂ ਹੀ ਜਮਹੂਰੀ ਲਹਿਰ ਅਤੇ ਸੀਪੀਆਈ ਐਮ ਦੀ ਸੋਚ ਨਾਲ ਪਰਣਾਇਆ ਹੋਇਆ ਹੈ। ਬੀਬੀ ਜੀ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ਦੇ ਨਾਲ ਨਾਲ ਸਮੁੱਚੀ ਜਮਹੂਰੀ ਲਹਿਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।



